ਬਿਉਰੋ ਰਿਪੋਰਟ: ਬੀਤੀ ਦੇਰ ਰਾਤ ਪਠਾਨਕੋਟ ਦੇ ਪਿੰਡ ਫੰਗਤੋਲੀ ਵਿੱਚ ਇਕ ਮਹਿਲਾ ਵਲੋਂ 7 ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਪੁਲਿਸ ਅਲਰਟ ’ਤੇ ਹੈ। ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਹੈ।
ਪਿੰਡ ਫੰਗਤੋਲੀ ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਪਾਣੀ ਮੰਗਿਆ। ਉਨ੍ਹਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ ਉਹ ਫਿਰ ਜੰਗਲ ਅੰਦਰ ਚਲੇ ਗਏ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ- ਡੀਐਸਪੀ
ਇਸ ਸਬੰਧੀ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ 7 ਵਜੇ ਦੇ ਕਰੀਬ 7 ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਆਧਾਰ ’ਤੇ ਅਸੀਂ ਤਲਾਸ਼ੀ ਮੁਹਿੰਮ ਚਲਾ ਰਹੇ ਹਾਂ। ਇਹ ਲੋਕ ਮਜ਼ਦੂਰ ਵੀ ਹੋ ਸਕਦੇ ਹਨ। ਅਜਿਹਾ ਇਸ ਲਈ ਵੀ ਸੰਭਵ ਹੈ ਕਿਉਂਕਿ ਪਿੱਛੇ ਜੰਗਲੀ ਖੇਤਰ ਹੈ। ਉੱਥੇ ਮਜ਼ਦੂਰ ਕੰਮ ਕਰ ਰਹੇ ਹਨ।
ਡੀਐਸਪੀ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਨੂੰ ਦੇਖ ਕੇ ਕੰਮ ਕਰ ਰਹੇ ਹਾਂ। ਬਿਨਾਂ ਕਿਸੇ ਭੁਲੇਖੇ ਦੇ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ।
ਦੱਸ ਦੇਈਏ ਜ਼ਿਲ੍ਹਾ ਪਠਾਨਕੋਟ ਅੰਦਰ ਲਗਾਤਾਰ ਸ਼ੱਕੀ ਵਿਅਕਤੀਆਂ ਦੇਖੇ ਜਾ ਰਹੇ ਹਨ। ਇਸ ਸਬੰਧੀ ਸੁਰੱਖਿਆ ਏਜੰਸੀਆਂ, ਫੌਜ ਤੇ ਪੁਲਿਸ ਵਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ।