Punjab

ਪੰਜਾਬ ‘ਚ ਸਕੂਲ ਬੱਸ ਹਾਦਸਾ ! 12 ਤੋਂ ਵੱਧ ਬੱਚੇ ਜਖ਼ਮੀ ! ਡਰਾਈਵਰ ਤੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ !

ਬਿਉਰੋ ਰਿਪੋਰਟ :ਪਠਾਨਕੋਟ ਵਿੱਚ ਵੀਰਵਾਰ ਸਵੇਰੇ ਸਕੂਲ ਬੱਸ ਦਾ ਐਕਸੀਡੈਂਟ ਹੋ ਗਿਆ । ਓਵਰਟੇਕਿੰਗ ਦੇ ਚੱਕਰ ਵਿੱਚ ਸਕੂਲ ਬੱਸ ਮੇਨ ਸੜਕ ਤੋਂ ਫਿਸਲ ਅਤੇ ਇੱਕ ਪਾਸੇ ਨੂੰ ਝੁਕ ਗਈ । ਹਾਦਸੇ ਵਿੱਚ 12 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ । ਬੱਚਿਆਂ ਦੀ ਚੀਖ਼ ਸੁਣਕੇ ਰਾਹਗੀਰ ਮਦਦ ਲਈ ਅੱਗੇ ਆਏ ਅਤੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਘਟਨਾ ਵੀਰਵਾਰ ਸਵੇਰ ਦੀ ਹੈ । ਹਾਦਸਾ ਪਠਾਨਕੋਟ ਦੇ ਸੁਜਾਨਪੁਰ ਰੋਡ ‘ਤੇ ਹੋਇਆ । ਦਰਅਸਲ ਸੁਜਾਨਪੁਰ ਰੋਡ ‘ਤੇ ਇੱਕ ਪ੍ਰਾਈਵੇਟ ਸਕੂਲ ਬੱਸ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ । ਇਸੇ ਦੌਰਾਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੋਂ ਹੇਠਾਂ ਉਤਰ ਗਈ । ਗ਼ਨੀਮਤ ਰਹੀ ਕਿ ਬੱਸ ਸਿਰਫ਼ ਇੱਕ ਪਾਸੇ ਹੋਈ, ਪਲਟੀ ਨਹੀਂ । ਸਥਾਨਕ ਲੋਕਾਂ ਦੇ ਮੁਤਾਬਿਕ ਬੱਸ ਵਿੱਚ ਬੱਚੇ ਸਮਰੱਥਾ ਤੋਂ ਵੱਧ ਸੀ । ਬੱਚਿਆਂ ਦੀ ਚੀਖ਼ ਸੁਣ ਕੇ ਲੋਕ ਬੱਸ ਵੱਲ ਭੱਜੇ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ । ਹਾਦਸੇ ਦੇ ਕਾਰਨ ਬੱਚੇ ਸਹਿਮ ਗਏ ਸਨ ।

ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ

ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ । ਕੁਝ ਜ਼ਖ਼ਮੀ ਬੱਚਿਆਂ ਨੂੰ ਇਲਾਜ ਦੇ ਲਈ ਪ੍ਰਾਇਵੇਟ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ । ਮੌਕੇ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਬੱਸ ‘ਤੇ ਸਕੂਲ ਦਾ ਨਾਂ ਨਹੀਂ ਸੀ ਨਾ ਹੀ ਜ਼ਰੂਰੀ ਹਦਾਇਤਾਂ ਲਿਖਿਆ ਸਨ । ਇਨ੍ਹਾਂ ਹੀ ਨਹੀਂ ਐਮਰਜੈਂਸੀ ਦੇ ਸਮੇਂ ਕਿਸ ਨੂੰ ਇਤਲਾਹ ਕਰਨੀ ਹੈ ਉਹ ਵੀ ਪ੍ਰਿੰਟ ਨਹੀਂ ਸੀ ।

ਉੱਧਰ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਬੱਚਿਆਂ ਦੀ ਗਿਣਤੀ ਸਮਰੱਥਾ ਤੋਂ ਜ਼ਿਆਦਾ ਸੀ ਅਤੇ ਡਰਾਈਵਰ ਵੱਲੋਂ ਓਵਰਟੇਕ ਕਰਨ ਵੇਲੇ ਹਾਦਸਾ ਹੋਇਆ । ਇਹ ਸਾਰੀਆਂ ਚੀਜ਼ਾਂ ਸਕੂਲ ਅਤੇ ਡਰਾਈਵਰ ਦੀ ਲਾਪਰਵਾਹੀ ਵੱਲ ਇਸ਼ਾਰਾ ਕਰ ਰਹੀਆਂ ਹਨ । ਮਾਪੇ ਬਹੁਤ ਹੀ ਉਮੀਦਾਂ ਨਾਲ ਬੱਸਾਂ ਦੇ ਜ਼ਰੀਏ ਬੱਚਿਆਂ ਨੂੰ ਸੁਰੱਖਿਅਤ ਮਹੌਲ ਵਿੱਚ ਸਕੂਲ ਭੇਜ ਦੇ ਹਨ ਪਰ ਜਿਸ ਤਰ੍ਹਾਂ ਦੀ ਸਕੂਲ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਉਹ ਨਾਕਾਬਲੇ ਬਰਦਾਸ਼ਤ ਹੈ । ਡਰਾਈਵਰ ਅਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਮਾਪਿਆਂ ਨੂੰ ਸਖ਼ਤ ਐਕਸ਼ਨ ਦੀ ਮੰਗ ਕਰਨੀ ਚਾਹੀਦੀ ਹੈ । ਕਿਉਂਕਿ ਸਵਾਲ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੈ,ਜਿਨ੍ਹਾਂ ਨੂੰ ਉਹ ਹਰ ਰੋਜ਼ ਸਵੇਰ ਉਮੀਦਾਂ ਨਾਲ ਤਿਆਰ ਕਰਕੇ ਭੇਜ ਦੇ ਹਨ ।