‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੈਡੀਕਲ ਸਾਇੰਸ ‘ਤੇ ਆਪਣੇ ਵਿਅੰਗ ਕਾਰਨ ਫਸੇ ਯੋਗ ਗੁਰੂ ਬਾਬਾ ਰਾਮ ਦੇਵ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਟਵਿੱਟਰ ‘ਤੇ ਸਪਸ਼ਟੀਕਰਨ ਦਿੰਦਿਆਂ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਬਾਲ ਕ੍ਰਿਸ਼ਨ ਨੇ ਲਿਖਿਆ ਹੈ ਕਿ ਆਓ, ਮਿਲ ਕੇ ਪੈਥੀਆਂ ਦੇ ਨਾਂ ‘ਤੇ ਵਹਿਮ-ਭਰਮ, ਅਫਵਾਹਾਂ ਤੇ ਬਿਨ੍ਹਾਂ ਵਜ੍ਹਾ ਦੇ ਝਗੜੇ ਤੋਂ ਦੂਰ ਪ੍ਰਾਚੀਨ ਤੇ ਅਧੁਨਿਕ ਵਿਗਿਆਨ ਦੇ ਸਹਿਯੋਗ ਨਾਲ ਰੋਗਾਂ ਤੋਂ ਪੀੜਿਤ ਮਾਨਵਤਾ ਨੂੰ ਲਾਭ ਪਹੁੰਚਾਉਣ ਵਿਚ ਮਦਦ ਕਰੀਏ। ਪਤੰਜਲੀ ਨੇ ਇਹ ਵੀ ਕਿਹਾ ਹੈ ਕਿ ਰਾਮਦੇਵ ਦਾ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕੀਤਾ ਗਿਆ ਹੈ, ਉਹ ਜੋੜ ਮੇਲ ਤੋਂ ਪਰ੍ਹੇ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਆਧੁਨਿਕ ਸਾਇੰਸ ਵਿਚ ਕਦੇ ਆਪਣਾ ਵਿਸ਼ਵਾਸ ਜਾਹਿਰ ਨਹੀਂ ਕੀਤਾ ਹੈ।
ਕਿਉਂ ਭੇਜਿਆ ਸੀ ਰਾਮਦੇਵ ਨੂੰ ਨੋਟਿਸ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਦੇ ਇਕ ਬਿਆਨ ਨੂੰ ਲੈ ਕੇ ਨੋਟਿਸ ਭੇਜਦਿਆਂ ਮੰਗ ਕੀਤੀ ਸੀ ਕਿ ਰਾਮਦੇਵ ਉੱਤੇ ਕਾਰਵਾਈ ਕੀਤੀ ਜਾਵੇ। ਆਈਐੱਮਏ ਨੇ ਕਿਹਾ ਕਿ ਰਾਮਦੇਵ ਦਾ ਇਹ ਕਹਿਣਾ ਕਿ ਐਲੋਪੈਥੀ ਇਲਾਜ ਨਾਲ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸਨਮਾਨ ਨੂੰ ਚੋਟ ਪਹੁੰਚਾਉਂਦਾ ਹੈ। ਜਿਸ ਵੀਡਿਓ ਦੀ ਗੱਲ ਆਈਐੱਮਏ ਨੇ ਕੀਤੀ ਹੈ ਉਸ ਵਿੱਚ ਬਾਬਾ ਰਾਮਦੇਵ ਪਲਾਜਮਾ ਥੈਰੇਪੀ ਦੇ ਕੋਵਿਡ-19 ਦੇ ਇਲਾਜ ਦੀ ਸੂਚੀ ਵਿੱਚੋਂ ਬਾਹਰ ਹੋਣ ਉੱਤੇ ਵੀ ਵਿਅੰਗ ਕਰ ਰਹੇ ਹਨ।
ਕੀ ਕਿਹਾ ਸੀ ਰਾਮ ਦੇਵ ਨੇ
ਜਿਸ ਵੀਡਿਓ ਦੇ ਅਧਾਰ ‘ਤੇ ਬਾਬਾ ਰਾਮਦੇਵ ਫਸਦੇ ਨਜਰ ਆ ਰਹੇ ਹਨ, ਉਸ ਵਿਚ ਉਨ੍ਹਾਂ ਕਿਹਾ ਕਿ ਐਲੋਪੈਥੀ ਅਜਿਹੀ ਸਟੂਪਿਡ (ਮੂਰਖ) ਅਤੇ ਦੀਵਾਲਿਆ ਸਾਇੰਸ ਹੈ ਕਿ ਪਹਿਲਾ ਕਲੋਰੋਕਵਿਨ ਫੇਲ ਹੋਇਆ, ਫਿਰ ਰੈਮਡੇਸਿਵਿਅਰ ਫੇਲ ਹੋਇਆ, ਫਿਰ ਐਂਟੀ ਬਾਇਓਟੈਕ ਫੇਲ ਹੋਇਆ, ਫਿਰ ਸਟੇਰਾਇਡ ਫੇਲ ਹੋਇਆ ਅਤੇ ਕੱਲ੍ਹ ਪਲਾਜਮਾ ਥੈਰੇਪੀ ਫੇਲ ਹੋ ਗਈ। ਆਈਐੱਏ ਨੇ ਕਿਹਾ ਹੈ ਕਿ ਰਾਮਦੇਵ ਦੇ ਇਨ੍ਹਾਂ ਬਿਆਨਾਂ ਨਾਲ ਸੰਸਥਾਂ ਦੇ ਮਾਣ ਨੂੰ ਸੱਟ ਵੱਜੀ ਹੈ।