ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਪੁਲਿਸ ਨੇ ਸ਼ੈਤਾਨ ਕੱਢਣ ਲਈ ਬੇਰਹਿਮੀ ਨਾਲ ਮਾਰੇ ਗਏ ਸੈਮੂਅਲ ਮਸੀਲ ਦੇ ਮਾਮਲੇ ਵਿੱਚ ਪਾਸਟਰ ਜੈਬਕ ਮਸੀਹ ਨੁੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ 8 ਹੋਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੈਮੂਅਲ ਮਸੀਹ 3 ਬੱਚਿਆਂ ਦਾ ਪਿਤਾ ਸੀ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਕਸਬਾ ਸਿੰਘਪੁਰ ਪਿੰਡ ਦੇ ਸੈਮੂਅਲ ਮਸੀਹ ਨੂੰ ਦੌਰੇ ਪੈਂਦੇ ਸਨ। ਇਲਜ਼ਾਮ ਹੈ ਕਿ ਕਥਿਤ ਸ਼ੈਤਾਨ ਨੂੰ ਆਪਣੇ ਸਰੀਰ ’ਚੋਂ ਕੱਢਣ ਲਈ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ’ਚ ਪੁਲਿਸ ਨੇ ਕਬਰ ਪੁੱਟ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਸੀ। ਇਸ ਮਾਮਲੇ ਵਿੱਚ ਪਾਸਟਰ ਦੇ ਨਾਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰੱਖਲ ਅਤੇ ਪਤਨੀ ਸੁਨੀਤਾ ਨੇ ਦੱਸਿਆ ਕਿ ਸੈਮੂਅਲ ਮਸੀਹ ਨੂੰ ਦੌਰੇ ਪੈਂਦੇ ਸਨ। ਜਿਸ ਲਈ ਪਾਦਰੀ ਨੂੰ ਪ੍ਰਾਰਥਨਾ ਕਰਨ ਲਈ ਘਰ ਬੁਲਾਇਆ ਗਿਆ। ਪਾਦਰੀ ਆਪਣੇ ਕੁਝ ਸਾਥੀਆਂ ਨਾਲ ਉਸ ਦੇ ਘਰ ਆਇਆ ਅਤੇ ਆਪਣੇ ਪਤੀ ਲਈ ਪ੍ਰਾਰਥਨਾ ਕਰਨ ਲੱਗਾ।
ਪਾਦਰੀ ਨੇ ਕਿਹਾ ਕਿ ਸੈਮੂਅਲ ਦੇ ਅੰਦਰ ਇੱਕ ਸ਼ੈਤਾਨ ਵੜ ਗਿਆ ਸੀ। ਸ਼ੈਤਾਨ ਨੂੰ ਭਜਾਉਣ ਲਈ ਸੈਮੂਅਲ ਨੂੰ ਹੇਠਾਂ ਸੁੱਟ ਦਿੱਤਾ ਗਿਆ ਅਤੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।