Punjab

ਪਾਸਟਰ ਬਜਿੰਦਰ ਦੀਆਂ ਨਹੀਂ ਚੱਲੀਆਂ ਸ਼ਕਤੀਆਂ, ਮੁਹਾਲੀ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਬਲਾਤਕਾਰ ਮਾਮਲੇ ਵਿੱਚ  ਮੋਹਾਲੀ ਦੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਸਥਾਨਕ ਅਦਾਲਤ ਵੱਲੋਂ ਲੰਬੀ ਸੁਣਵਾਈ ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਸੁਣਾਇਆ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜ਼ਰੁਮਾਨਾ ਵੀ ਲਗਾਇਆ ਗਿਆ ਹੈ। ਉਸ ਨੂੰ ਇਹ ਸਜ਼ਾ ਧਾਰਾ 376 (2), 323 ਤੇ 506 ਤਹਿਤ ਸੁਣਾਈ ਗਈ ਹੈ।

ਜਾਣਕਾਰੀ ਅਨੁਸਾਰ, ਪਾਸਟਰ ਬਜਿੰਦਰ ‘ਤੇ ਬਲਾਤਕਾਰ ਦੇ ਗੰਭੀਰ ਦੋਸ਼ ਸਨ, ਜਿਸ ਦੀ ਸ਼ਿਕਾਇਤ ਪੀੜਤਾ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਖ਼ਤ ਫੈਸਲਾ ਸੁਣਾਇਆ।

ਇਸ ਫੈਸਲੇ ਨੂੰ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਅਪਰਾਧੀਆਂ ਲਈ ਸਖ਼ਤ ਸੁਨੇਹਾ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਵੀ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ।

2018 ਦਾ ਹੈ ਇਹ ਮਾਮਲਾ

ਬਜਿੰਦਰ ਪਾਸਟਰ ਵਿਰੁੱਧ 2018 ਵਿੱਚ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ, ਹਮਲੇ ਅਤੇ ਧਮਕੀਆਂ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਔਰਤ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੀ ਹੈ। ਇਸ ਲਈ ਉਸਨੇ ਬਜਿੰਦਰ ਨਾਲ ਸੰਪਰਕ ਕੀਤਾ। ਬਜਿੰਦਰ ਉਸਨੂੰ ਮੋਹਾਲੀ ਦੇ ਸੈਕਟਰ 63 ਵਾਲੇ ਆਪਣੇ ਘਰ ਲੈ ਗਿਆ। ਜਿੱਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।

ਇਸ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ, ਬਜਿੰਦਰ ਸਿੰਘ ਨੂੰ 2018 ਵਿੱਚ ਹੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਜਿੰਦਰ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ, 3 ਮਾਰਚ ਨੂੰ, ਅਦਾਲਤ ਨੇ ਬਜਿੰਦਰ ਅਤੇ ਪੰਜ ਹੋਰ ਮੁਲਜ਼ਮਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

28 ਮਾਰਚ ਨੂੰ ਮੋਹਾਲੀ ਅਦਾਲਤ ਨੇ ਇਸ ਮਾਮਲੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਪਾਇਆ। ਬਾਕੀ ਪੰਜ ਦੋਸ਼ੀਆਂ ਪਾਸਟਰ ਜਤਿੰਦਰ ਕੁਮਾਰ ਅਤੇ ਅਕਬਰ ਭੱਟੀ, ਰਾਜੇਸ਼ ਚੌਧਰੀ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ ਗਿਆ। ਇੱਕ ਦੋਸ਼ੀ, ਸੁੱਚਾ ਸਿੰਘ, ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ।