ਮੁਹਾਲੀ : ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ। ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲੇ ’ਚ ਪੀੜਤਾ ਨੇ ਵੱਡੇ ਇਲਜ਼ਾਮ ਲਗਾਏ ਹਨ। ਉਸ ਨੇ ਕਿਹਾ ਕਿ ਪਾਦਰੀ ਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ। ਉਹ ਬਾਈਬਲ ਨੂੰ ਬਦਨਾਮ ਕਰ ਰਿਹਾ ਹੈ।
ਪ੍ਰੈੱਸ ਕਾਨਫ਼ਰੰਸ ਕਰਦਿਆਂ ਪੀੜਤਾਂ ਨੇ ਮੰਗ ਕੀਤੀ ਕਿ ਪਾਦਰੀ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦੀ ਕੀਤੀ ਜਾਵੇ ਕਿਉਂਕਿ ਉਸ ਤੋਂ ਸਾਡੀ ਜਾਨ ਨੂੰ ਖ਼ਤਰਾ ਹੈ। ਉਸ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਪਾਦਰੀ ਨੇ ਸਾਡੇ ਖਿਲਾਫ਼ 2-2 ਲੱਖ ਰੁਪਏ ਦੀ ਸੁਪਾਰੀ ਦਿੱਤੀ ਹੈ। ਅਤੇ ਕੁੱਝ ਅਣਪਛਾਤੇ ਲੋਕ ਸਾਡੇ ਰੇਕੀ ਵਿਚ ਲੱਗੇ ਹੋਏ ਹਨ। ਇੰਨਾ ਹੀ ਨਹੀਂ ਪਾਦਰੀ ਦੇ ਲੋਕਾਂ ਵਲੋਂ ਸਾਨੂੰ ਧਮਕੀਆਂ ਮਿਲ ਰਹੀਆਂ ਹਨ।
ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵਿਰੁਧ FIR ਦਰਜ ਕਰਵਾਉਣ ਕਾਰਨ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਅਦਾਲਤ ਵਿਚ ਵੀਆਈਪੀ ਵਾਂਗ ਐਂਟਰੀ ਹੁੰਦੀ ਹੈ। ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਉਹ ਕਿੰਨਾ ਕੁ ਵੱਡਾ ਡੌਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਬਜਿੰਦਰ ਵਿਰੁਧ ਬੋਲਦਾ ਤਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾਂਦਾ ਹੈ।