India

ਲੰਡਨ ਤੋਂ ਪਹੁੰਚੇ ਯਾਤਰੀਆਂ ਨੇ ਕੋਰੋਨਾ ਟੈਸਟ ਨਾ ਕਰਵਾਉਣ ਲਈ ਕੀਤਾ ਹੰਗਾਮਾ, ਡਾਕਟਰਾਂ ਦੀ ਟੀਮ ਨਾਲ ਕੀਤੀ ਧੱਕਾ-ਮੁੱਕੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਏਅਰਪੋਰਟ ‘ਤੇ ਲੰਡਨ ਤੋਂ ਪਹੁੰਚਣ ਵਾਲੇ ਮੁਸਾਫਰਾਂ ਨੇ ਹੰਗਾਮਾ ਕਰਦਿਆਂ ਏਅਰਪੋਰਟ ਤੋਂ ਜ਼ਬਰਦਸਤੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ। ਮੁਸਾਫਰਾਂ ਨੇ ਚੈਕਿੰਗ ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਨਾਲ ਧੱਕਾ-ਮੁੱਕੀ ਕੀਤੀ ਅਤੇ ਜ਼ਬਰਦਸਤੀ ਏਅਰਪੋਰਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਮੁਸਾਫਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਲਈ ਰੋਕਿਆ ਗਿਆ ਸੀ।

ਬ੍ਰਿਟੇਨ ਵਿੱਚ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਕਾਰਨ ਭਾਰਤ ਸਰਕਾਰ ਨੇ UK ਦੀਆਂ ਸਾਰੀਆਂ ਉਡਾਣਾਂ 31 ਦਸੰਬਰ ਤੱਕ ਬੰਦ ਕਰ ਦਿੱਤੀਆਂ ਹਨ ਅਤੇ ਲੰਡਨ ਤੋਂ ਆਉਣ ਵਾਲੇ ਨਾਗਰਿਕਾਂ ਦਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਯਾਤਰੀਆਂ ਨੇ ਕਿਹਾ ਕਿ ਅਸੀਂ ਬ੍ਰਿਟੇਨ ਤੋਂ ਆਪਣਾ ਕੋਰੋਨਾ ਟੈਸਟ ਕਰਵਾ ਕੇ ਆਏ ਹਾਂ, ਹੁਣ ਫਿਰ ਦੁਬਾਰਾ ਸਾਡਾ ਕੋਰੋਨਾ ਟੈਸਟ ਕਿਉਂ ਕੀਤਾ ਜਾ ਰਿਹਾ ਹੈ। ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਵੀ ਪਹਿਲਾਂ ਏਅਰਪੋਰਟ ਤੋਂ ਬਾਹਰ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ।

ਲੰਡਨ ਤੋਂ ਦਿੱਲੀ ਪਹੁੰਚੇ 266 ਮੁਸਾਫਰ ਅਤੇ ਕ੍ਰਿਊ ਮੈਂਬਰ ਵਿੱਚੋਂ ਪੰਜ ਮੁਸਾਫਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਯਾਤਰੀਆਂ ਦੇ ਸੈਂਪਲ ਟੈਸਟ ਕਰਨ ਦੇ ਲਈ ਭੇਜ ਦਿੱਤੇ ਗਏ ਹਨ।