ਬਿਊਰੋ ਰਿਪੋਰਟ : ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫ਼ੋਟੋ ਇੱਕ ਸ਼ਖ਼ਸ ਨੇ ਇਤਰਾਜ਼ਯੋਗ ਵਿਗਿਆਪਨ ਵਿੱਚ ਵਰਤੀ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਸੈਕਟਰ 17 ਵਿੱਚ FIR ਦਰਜ ਕਰਵਾਈ ਹੈ। ਉੱਧਰ ਬਾਜਵਾ ਨੇ ਇਸ ਨੂੰ ਵਿਰੋਧੀਆਂ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ ।
ਚੰਡੀਗੜ੍ਹ ਦੇ ਸੈਕਟਰ 17 ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦੇ ਨਾਲ ਫੇਸਬੁਕ ਪੋਸਟ ਦਾ ਇੱਕ ਪ੍ਰਿੰਟ ਆਊਟ ਵੀ ਲਗਾਇਆ ਹੈ, ਜਿਸ ਵਿੱਚ ਉਨ੍ਹਾਂ ਦੀ ਫ਼ੋਟੋ ਦੀ ਵਰਤੋ ਕੀਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਦੇ ਬਾਅਦ ਉਸ ਪੋਸਟ ਨੂੰ ਪਾਉਣ ਵਾਲੇ IP Address ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਫ਼ਿਲਹਾਲ ਪੁਲਿਸ ਨੇ IPC ਦੀ ਧਾਰਾ 419, 469 (ਜਾਅਲਸਾਜ਼ੀ ਅਤੇ IT ਦੀ ਵਰਤੋਂ ਕਰ ਕੇ ਬਦਨਾਮ ਕਰਨ ਦੀ ਕੋਸ਼ਿਸ਼) ਅਤੇ 500 (ਮਾਣ-ਹਾਨੀ) ਅਤੇ ਸੂਚਨਾ ਕਾਨੂੰਨ ਦੀ ਧਾਰਾ 66C (ਪਛਾਣ ਦੀ ਗ਼ਲਤ ਵਰਤੋਂ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫ਼ਿਲਹਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ।
ਬਾਜਵਾ ਨੇ ਸ਼ਿਕਾਇਤ ਵਿੱਚ ਇਹ ਲਿਖਿਆ
ਕਾਦੀਆਂ ਤੋਂ ਵਿਧਾਇਕ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ‘ਫੇਸਬੁਕ ‘ਤੇ ਇੱਕ ਪੋਸਟ ਪਾਇਆ ਗਿਆ ਸੀ ਜਿਸ ਵਿੱਚ ਮੇਰੀ ਤਸਵੀਰਾਂ ਦੀ ਵਰਤੋਂ ਇਤਰਾਜ਼ ਯੋਗ ਵਿਗਿਆਪਨ ਦੇ ਲਈ ਕੀਤੀ ਗਈ ਸੀ। ਮੇਰੀ ਤਸਵੀਰ ਦੀ ਇਸ ਤਰ੍ਹਾਂ ਗ਼ਲਤ ਵਰਤੋਂ ਕੀਤੀ ਗਈ ਹੈ, ਅਜਿਹਾ ਲੱਗ ਦਾ ਹੈ ਵਿਗਿਆਪਨ ਦੇਣ ਵਾਲੇ ਨੇ ਕੋਈ ਦਵਾਈ ਖਾਈ ਹੋਵੇ। ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿਅਕਤੀ ਨੇ ਮੇਰੀ ਤਸਵੀਰ ਦੀ ਵਰਤੋਂ ਕੀਤੀ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਸੀ। ਜਿਸ ਨੇ ਇਹ ਹਰਕਤ ਕੀਤੀ ਹੈ ਉਹ ਮੇਰੀ ਅਸਲੀ ਪਛਾਣ ਤੋਂ ਵੀ ਜਾਣੂ ਹੈ,ਕਿਉਂਕਿ ਮੈਂ ਇੱਕ ਮਸ਼ਹੂਰ ਹਸਤੀ ਹਾਂ, ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕਾ ਹਾਂ ਅਤੇ ਵਿਧਾਇਕ ਵੀ ਹਾਂ। ਇਸ ਲਈ ਇਹ ਮੇਰੇ ਸਿਆਸੀ ਵਿਰੋਧੀਆਂ ਜਾਂ ਫਿਰ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਲੋਕਾਂ ਦੀ ਸਸਤੀ ਚਾਲ ਹੋ ਸਕਦੀ ਹੈ। ਤਾਂ ਕਿ ਮੈਨੂੰ ਬਦਨਾਮ ਕੀਤਾ ਜਾ ਸਕੇ । ਮੇਰੇ ਅਕਸ ਨੂੰ ਢਾਹ ਲਗਾਈ ਜਾ ਸਕੇ।’