ਦਿੱਲੀ : ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਛੇਵਾਂ ਮੁਲਜ਼ਮ ਮਹੇਸ਼ ਕੁਮਾਵਤ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਉਹ ਵੀ ਇਸ ਸਾਰੀ ਸਾਜ਼ਿਸ਼ ਦਾ ਹਿੱਸਾ ਸੀ। ਮਹੇਸ਼ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਉਹ 13 ਦਸੰਬਰ ਨੂੰ ਘਟਨਾ ਵਾਲੇ ਦਿਨ ਦਿੱਲੀ ਵੀ ਆਇਆ ਸੀ।
ਸੰਸਦ ਵਿੱਚ ਘੁਸਪੈਠ ਕਰਨ ਵਾਲੇ ਅਤੇ ਧੂੰਏਂ ਦੇ ਡੱਬੇ ਵਰਤਣ ਵਾਲੇ ਸਾਰੇ ਮੁਲਜ਼ਮ ਭਗਤ ਸਿੰਘ ਫੈਨਜ਼ ਕਲੱਬ ਵਿੱਚ ਸ਼ਾਮਲ ਸਨ। ਇਹ ਲੋਕ ਸੋਸ਼ਲ ਮੀਡੀਆ ਗਰੁੱਪਾਂ ‘ਤੇ ਆਪਣੀ ਵਿਚਾਰਧਾਰਾ ਪੋਸਟ ਕਰਦੇ ਸਨ ਅਤੇ ਅਸਲ ਵਿੱਚ ਮਿਲਦੇ ਸਨ। ਇਸ ਕਲੱਬ ਨਾਲ ਕਈ ਰਾਜਾਂ ਦੇ ਲੋਕ ਜੁੜੇ ਹੋਏ ਹਨ।
ਇਸ ਦੇ ਨਾਲ ਹੀ 13 ਦਸੰਬਰ ਨੂੰ ਸੰਸਦ ਵਿੱਚ ਘੁਸਪੈਠ ਕਰਨ ਵਾਲੇ ਦੋ ਮੁਲਜ਼ਮਾਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਚਾਰਾਂ ਨੂੰ 7 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਚਾਰ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਦੀ ਕਾਰਵਾਈ ਵੀ ਕੀਤੀ ਗਈ। ਦਿੱਲੀ ਪੁਲਿਸ ਨੇ ਕਿਹਾ ਹੈ- ਇਹ ਇੱਕ ਯੋਜਨਾਬੱਧ ਹਮਲਾ ਸੀ।
ਦੱਸ ਦੇਈਏ ਕਿ ਬੁੱਧਵਾਰ ਨੂੰ ਸੁਰੱਖਿਆ ਦੀ ਇੱਕ ਵੱਡੀ ਉਲੰਘਣਾ ਹੋਣ ਤੋਂ ਬਾਅਦ ਕੀਤੀ ਗਈ ਜਦੋਂ ਦੋ ਘੁਸਪੈਠੀਆਂ, ਮਨੋਰੰਜਨ ਡੀ ਅਤੇ ਸਾਗਰ ਸ਼ਰਮਾ, ਵਿਜ਼ਟਰਾਂ ਦੀ ਗੈਲਰੀ ਤੋਂ ਲੋਕ ਸਭਾ ਵਿੱਚ ਕੁੱਦ ਗਏ ਅਤੇ ਧੂੰਏਂ ਦੀਆਂ ਡੱਬੀਆਂ ਖੋਲ੍ਹੀ ਦਿੱਤੀਆਂ । ਅਚਾਨਕ ਇਸ ਕਾਰਵਾਈ ਨਾਲ ਸੰਸਦ ਦੇ ਮੈਂਬਰਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਸੰਸਦ ਮੈਂਬਰਾਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।