India

ਇੱਕ ਵਾਰ ਫਿਰ ਸੰਸਦ ਭਵਨ ਦੀ ਸੁਰੱਖਿਆ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼, ਤਿੰਨ ਗ੍ਰਿਫ਼ਤਾਰ

ਭਾਰਤ ਦੀ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਫਰਜ਼ੀ ਆਧਾਰ ਕਾਰਡ ਬਣਾ ਕੇ ਸੰਸਦ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ ਮਜ਼ਦੂਰ ਗ੍ਰਿਫ਼ਤਾਰ ਕੀਤੇ ਹਨ।

CISF ਨੇ ਦੱਸਿਆ ਕਿ ਤਿੰਨੋਂ ਗੇਟ ਨੰਬਰ 3 ਤੋਂ ਸੰਸਦ ਭਵਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅਸੀਂ ਉਨ੍ਹਾਂ ਨੂੰ ਫੜ ਲਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਵਿੱਚ ਤਿੰਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਦਿੱਲੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਕਾਸਿਮ, ਮੋਨਿਸ ਅਤੇ ਸ਼ੋਏਬ ਵਜੋਂ ਹੋਈ ਹੈ। ਤਿੰਨਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਾਅਲਸਾਜ਼ੀ ਅਤੇ ਧੋਖਾਧੜੀ ਨਾਲ ਸਬੰਧਿਤ ਕੇਸ ਦਰਜ ਕੀਤਾ ਗਿਆ ਹੈ। ਸਾਰਾ ਮਾਮਲਾ 4 ਜੂਨ ਦਾ ਹੈ।

ਦੱਸ ਦੇਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ ਹੀ ਸੁਰੱਖਿਆ ਦੀ ਉਲੰਘਣਾ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਸਾਲ 13 ਦਸੰਬਰ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਕੁੱਦ ਪਏ ਸਨ। ਦੋਵਾਂ ਨੇ ਕੈਨ ਰਾਹੀਂ ਹਾਊਸ ਵਿੱਚ ਧੂੰਏਂ ਵਾਲੇ ਬੰਬ ਸੁੱਟੇ ਸੀ। ਇਸ ਦੌਰਾਨ ਨੀਲਮ ਆਜ਼ਾਦ ਅਤੇ ਸ਼ਿੰਦੇ ਨੇ ਸੰਸਦ ਕੰਪਲੈਕਸ ਵਿੱਚ ਨਾਅਰੇਬਾਜ਼ੀ ਕੀਤੀ।

ਇਸ ਮਾਮਲੇ ਵਿੱਚ ਛੇ ਮੁਲਜ਼ਮਾਂ; ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ, ਨੀਲਮ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ (Vinai Kumar Saxena) ਨੇ ਵੀਰਵਾਰ (6 ਜੂਨ, 2024) ਨੂੰ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਤਹਿਤ ਸਾਰੇ ਛੇ ਲੋਕਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।