Punjab

ਗੁਰਦਾਸਪੁਰ ‘ਚ ਭਗੌੜਾ ਹੈ ਲੰਗਾਹ ਦਾ ਮੁੰਡਾ: ਪਹਿਲਾਂ ਵੀ ਦਰਜ ਹਨ ਕਈ ਕੇਸ

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਸ਼ਿਮਲਾ ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਚਾਰ ਸਾਥੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਸੁੱਚਾ ਸਿੰਘ ਲੰਗਾਹ ਦੇ ਲੜਕੇ ਪ੍ਰਕਾਸ਼ ਸਿੰਘ ’ਤੇ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਥਾਣਾ ਧਾਰੀਵਾਲ ਵਿੱਚ ਦਰਜ ਤਿੰਨ ਸਾਲ ਪੁਰਾਣੇ ਹੈਰੋਇਨ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਉਸ ਨੂੰ ਤਿੰਨ ਮਹੀਨੇ ਪਹਿਲਾਂ ਭਗੌੜਾ ਕਰਾਰ ਕੀਤਾ ਜਾ ਚੁੱਕਾ ਹੈ।

ਪ੍ਰਕਾਸ਼ ਸਿੰਘ ਨੂੰ ਸ਼ਿਮਲਾ ਦੇ ਇੱਕ ਹੋਟਲ ਦੇ ਕਮਰੇ ਵਿੱਚੋਂ ਇੱਕ ਲੜਕੀ ਸਮੇਤ ਤਿੰਨ ਹੋਰ ਦੋਸਤਾਂ ਦੇ ਨਾਲ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਦੇ ਸਮੇਂ ਵੀ ਇਹ ਸਾਰੇ ਨਸ਼ੇ ਦੀ ਹਾਲਤ ਵਿੱਚ ਸਨ। ਪੁਲਿਸ ਨੇ ਇਨ੍ਹਾਂ ਕੋਲੋ 42.89 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਤਿੰਨ ਸਾਲ ਪਹਿਲਾਂ ਪ੍ਰਕਾਸ਼ ਸਿੰਘ ਖ਼ਿਲਾਫ਼ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਵਿੱਚ ਹੈਰੋਇਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਈ 2021 ਵਿੱਚ ਦਰਜ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਵੀ ਉਸ ਦੇ ਨਾਲ ਇੱਕ ਲੜਕੀ ਸ਼ਾਮਲ ਸੀ। ਉਸ ਸਮੇਂ ਇਨ੍ਹਾਂ ਕੋਲੋ 12 ਗ੍ਰਾਮ ਤੋਂ ਵਧੇਰੇ ਹੈਰੋਇਨ ਬਰਾਮਦ ਹੋਈ ਸੀ। 3 ਜਨਵਰੀ ਨੂੰ ਗੁਰਦਾਸਪੁਰ ਦੀ ਅਦਾਲਤ ਨੇ ਪ੍ਰਕਾਸ਼ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਸੀ।