The Khalas Tv Blog Punjab ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ
Punjab Religion

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਿਆਂ ਸਿੱਖ ਕੌਮ ਦੇ ਨਾਂਅ ਇੱਕ ਸੰਦੇਸ਼ ਜਾਰੀ ਕਰਦਿਆਂ ਸਿੱਖ ਸ਼ਕਤੀ ਇਕੱਤਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿੱਖ ਜੋ ਕਿ 30-40 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ, ਜਿਹੜੇ ਆਪਣੀਆਂ ਨਿਰਧਾਰਤ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ। ਜਥੇਦਾਰ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਅੱਜ ਉਸ ਬੰਦੀ ਛੋੜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੰਘਾਂ ਨੂੰ ਰਿਹਾਅ ਕਰਨ ਲਈ ਕੋਈ ਹਕੂਮਤ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹਕੂਮਤ ਇਸ ਲਈ ਰਿਹਾਅ ਨਹੀਂ ਕਰ ਰਹੀ ਕਿ ਕਿਤੇ ਬਹੁਗਿਣਤੀ ਗੈਰ-ਸਿੱਖਾਂ ਦਾ ਵੋਟ ਬੈਂਕ ਨਾਰਾਜ਼ ਨਾ ਹੋ ਜਾਵੇ, ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਜਾਂ ਸਰਕਾਰ।

ਜਥੇਦਾਰ ਨੇ ਸਿੱਖ ਸੰਗਤ ਨੂੰ ਕਿਹਾ ਕਿ ਜੇਕਰ ਅਸੀਂ ਆਪਣੇ ਇਨ੍ਹਾਂ ਬੰਦੀ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸਿੱਖ ਸ਼ਕਤੀ ਇਕੱਠੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਲਈ ਸਾਨੂੰ ਖੁਦ ਇਕੱਠੇ ਹੋਣਾ ਪਵੇਗਾ ਕਿਉਂਕਿ ਜੇਕਰ ਇਕੱਲੇ-ਇਕੱਲੇ ਰਹਾਂਗੇ ਤਾਂ ਮਸਲੇ ਹੱਲ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਮਸਲੇ ਉਦੋਂ ਹੱਲ ਹੋਣਗੇ ਜਦੋਂ ਇਕੱਲਾ-ਇਕੱਲਾ ਸਿੱਖ ਬੰਦੀ ਸਿੰਘਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰੇਗਾ। ਅਖ਼ੀਰ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।

Exit mobile version