India Sports

ਪੈਰਾਲੰਪਿਕ ’ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ! 2 ਕਾਂਸੀ ਦੇ ਤਗਮੇ! ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਬਣਾਇਆ ਰਿਕਾਰਡ

ਬਿਉਰੋ ਰਿਪੋਰਟ: ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਕਮਾਲ ਕਰ ਦਿਖਾਇਆ ਹੈ। ਅਵਨੀ ਨੇ ਸ਼ੁੱਕਰਵਾਰ (30 ਅਗਸਤ) ਨੂੰ R2 ਮਹਿਲਾ 10 ਮੀਟਰ ਏਅਰ ਰਾਈਫਲ (SH1) ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਅਵਨੀ ਨੇ ਪੈਰਾਲੰਪਿਕ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਇਸੇ ਈਵੈਂਟ ਵਿੱਚ ਭਾਰਤ ਦੀ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਨ੍ਹਾਂ ਦੋ ਤਗਮਿਆਂ ਨਾਲ ਭਾਰਤ ਦਾ ਖ਼ਾਤਾ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਖੁੱਲ੍ਹ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਅਵਨੀ ਲੇਖਰਾ ਨੂੰ ਵਧਾਈ ਦਿੱਤੀ ਹੈ।

22 ਸਾਲ ਦੀ ਅਵਨੀ ਨੇ ਫਾਈਨਲ ਵਿੱਚ 249.7 ਅੰਕ ਬਣਾਏ, ਜੋ ਇੱਕ ਪੈਰਾਲੰਪਿਕ ਰਿਕਾਰਡ ਹੈ। ਕਾਂਸੀ ਤਮਗਾ ਜੇਤੂ ਮੋਨਾ ਨੇ 228.7 ਅੰਕ ਹਾਸਲ ਕੀਤੇ। ਅਵਨੀ ਨੇ ਟੋਕੀਓ ਪੈਰਾਲੰਪਿਕ (2020) ਵਿੱਚ ਵੀ ਇਸੇ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ। ਭਾਵ ਉਸ ਨੇ ਆਪਣੇ ਖਿਤਾਬ ਦਾ ਬਚਾਅ ਕੀਤਾ ਹੈ।

ਅਵਨੀ ਪੈਰਾਲੰਪਿਕ ਵਿੱਚ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ। ਉਹ ਪਹਿਲੀ ਭਾਰਤੀ ਐਥਲੀਟ ਵੀ ਹੈ ਜਿਸ ਨੇ ਪੈਰਾਲੰਪਿਕ ਖੇਡਾਂ ਵਿੱਚ ਬੈਕ ਟੂ ਬੈਕ ਸੋਨ ਤਗਮੇ ਜਿੱਤੇ ਹਨ। ਅਵਨੀ ਪੈਰਾਲੰਪਿਕ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣ ਗਈ ਹੈ।

ਉੱਧਰ ਭਾਰਤ ਦੀ ਸਟਾਰ ਅਥਲੀਟ ਪ੍ਰੀਤੀ ਪਾਲ ਨੇ ਵੀ 2024 ਪੈਰਿਸ ਖੇਡਾਂ ਵਿੱਚ ਕਾਂਸੀ ਦੇ ਨਾਲ ਪੈਰਾਲੰਪਿਕ ਵਿੱਚ 100 ਮੀਟਰ ਈਵੈਂਟ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਿਆ। ਪ੍ਰੀਤੀ ਨੇ ਔਰਤਾਂ ਦੀ 100 ਮੀਟਰ ਟੀ35 ਈਵੈਂਟ ਨੂੰ 14.21 ਸਕਿੰਟ ਦੇ ਨਾਲ ਪੂਰਾ ਕੀਤਾ, ਜੋ ਉਸਦਾ ਸੀਜ਼ਨ ਦਾ ਸਭ ਤੋਂ ਵਧੀਆ ਰਿਕਾਰਡ ਹੈ। 17ਵੀਆਂ ਸਮਰ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੇ ਤੀਜੇ ਤਗਮੇ ਦਾ ਦਾਅਵਾ ਕੀਤਾ। ਭਾਰਤ ਕੋਲ ਇੱਕ ਸੋਨ ਅਤੇ ਦੋ ਕਾਂਸੀ ਦੇ ਤਗ਼ਮੇ ਹਨ।