ਬਿਉਰੋ ਰਿਪੋਰਟ: ਪੈਰਿਸ ਦੀ ਸੀਨ ਨਦੀ ’ਤੇ ਹੋਏ ਇਤਿਹਾਸਕ ਉਦਘਾਟਨੀ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਪੈਰਿਸ ਓਲੰਪਿਕ-2024 ਹੁਣ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ ਕਿਸੇ ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਸਟੇਡੀਅਮ ਵਿੱਚ ਨਹੀਂ ਸਗੋਂ ਨਦੀ ’ਤੇ ਆਯੋਜਿਤ ਕੀਤਾ ਗਿਆ ਹੈ, ਇਸ ਲਈ ਇਹ ਇਤਿਹਾਸਿਕ ਸੀ। ਆਈਫਲ ਟਾਵਰ ’ਤੇ ਓਲੰਪਿਕ ਰਿੰਗਸ, ਸ਼ਾਨਦਾਰ ਡਾਂਸ ਤੇ ਰੋਸ਼ਨੀ ਨਾਲ ਸਜੇ ਇਸ ਉਦਘਾਟਨੀ ਸਮਾਰੋਹ ਨੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਮੋਹ ਲਿਆ।
ਇੰਨਾ ਹੀ ਨਹੀਂ, ਇਸ ਪ੍ਰੋਗਰਾਮ ਵਿੱਚ ਕਈ ਅਜਿਹੀਆਂ ਗੱਲਾਂ ਵੀ ਸਨ, ਜੋ ਆਉਣ ਵਾਲੇ ਕਈ ਦਿਨਾਂ ਤੱਕ ਯਾਦ ਕੀਤੀਆਂ ਜਾਣਗੀਆਂ। ਸਮਾਗਮ ਦੌਰਾਨ ਓਲੰਪਿਕ ਮਸ਼ਾਲ ਲੈ ਕੇ ਜਾ ਰਿਹਾ ਇੱਕ ਰਹੱਸਮਈ ਵਿਅਕਤੀ ਵੀ ਖਿੱਚ ਦਾ ਕੇਂਦਰ ਬਣਿਆ। ਸੀਨ ਨਦੀ ਦੀਆਂ ਲਹਿਰਾਂ ’ਤੇ ਕਿਸ਼ਤੀਆਂ ’ਤੇ ਸਵਾਰ ਹੋ ਕੇ ਰਾਸ਼ਟਰਾਂ ਦੀ ਪਰੇਡ ਵਿੱਚ ਹਿੱਸਾ ਲੈਂਦੇ ਹੋਏ ਖਿਡਾਰੀ…ਕਿਨਾਰੇ ’ਤੇ ਪ੍ਰਸ਼ੰਸਕ…ਪੌਪ ਸਟਾਰ ਲੇਡੀ ਗਾਗਾ, ਆਯਾ ਨਾਕਾਮੁਕਾ ਅਤੇ ਸੇਲਿਨ ਡਾਇਓਨ ਦੇ ਮਨਮੋਹਕ ਪ੍ਰਦਰਸ਼ਨ ਅਤੇ ਆਈਫਲ ਟਾਵਰ ’ਤੇ ਸ਼ਾਨਦਾਰ ਲੇਜ਼ਰ ਲਾਈਟਾਂ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ। ਉੱਤੋਂ ਮੀਂਹ ਨੇ ਇਸ ਪ੍ਰੋਗਰਾਮ ਵਿੱਚ ਚਾਰ ਚੰਨ ਲਾ ਦਿੱਤੇ।
ਰਾਤ 2:25 ਵਜੇ ਖਿਡਾਰੀਆਂ ਦੀ ਸਹੁੰ ਚੁੱਕਣ ਤੋਂ ਬਾਅਦ ਫਰਾਂਸੀਸੀ ਸੱਭਿਆਚਾਰ ਦੇ ਪ੍ਰਤੀਕ ਆਈਫਲ ਟਾਵਰ ’ਤੇ ਲੇਜ਼ਰ ਲਾਈਟ ਸ਼ੋਅ ਹੋਇਆ।
ਓਲੰਪਿਕ ਮਸ਼ਾਲ ਫਰਾਂਸ ਦੇ ਮਹਾਨ ਖਿਡਾਰੀਆਂ ਤੋਂ ਹੁੰਦੀ ਹੋਈ, ਫੁੱਟਬਾਲ ਦੇ ਮਹਾਨ ਖਿਡਾਰੀ ਜ਼ਿਨੇਡੀਨ ਜ਼ਿਦਾਨ, ਟੈਨਿਸ ਦੇ ਮਹਾਨ ਖਿਡਾਰੀ ਰਾਫੇਲ ਨਡਾਲ, ਦੌੜਾਕ ਕਾਰਲ ਲੁਈਸ ਤੋਂ ਲੈ ਕੇ ਫਰਾਂਸ ਦੇ ਸਭ ਤੋਂ ਵੱਧ ਉਮਰ ਦੇ ਓਲੰਪਿਕ ਚੈਂਪੀਅਨ, 100 ਸਾਲਾ ਸਾਈਕਲਿਸਟ ਚਾਰਲਸ ਕੋਸਟ ਤੱਕ ਪਹੁੰਚੀ।
ਇਸ ਤੋਂ ਬਾਅਦ ਫਿਰ ਸੇਲਿਨ ਡਾਇਓਨ ਦੀ ਸੁਰੀਲੀ ਆਵਾਜ਼ ਨਾਲ ਹੌਟ ਬੈਲੂਨ ਨੇ ਉਡਾਣ ਭਰੀ। ਇਸ ਸਮਾਰੋਹ ਦੇ ਨਾਲ, ਫਰਾਂਸ ਨੇ ਆਪਣੀ ਸੱਭਿਆਚਾਰਕ ਵਿਭਿੰਨਤਾ, ਕ੍ਰਾਂਤੀ ਦਾ ਇਤਿਹਾਸ ਅਤੇ ਸ਼ਾਨਦਾਰ ਭਵਨ ਨਿਰਮਾਣ ਵਿਰਾਸਤ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ।
4 ਘੰਟੇ ਚੱਲਿਆ ਪ੍ਰੋਗਰਾਮ, 94 ਕਿਸ਼ਤੀਆਂ ਵਿੱਚ ਸਵਾਰ ਹੋ ਕੇ ਨਿਕਲੇ ਖਿਡਾਰੀ
ਇਸ ਇਤਿਹਾਸਕ ਸਮਾਰੋਹ ਦੀ ਸ਼ੁਰੂਆਤ ਰਾਤ 11 ਵਜੇ ਪਰੇਡ ਆਫ ਨੇਸ਼ਨ ਨਾਲ ਹੋਈ। ਪਰੇਡ ਵਿੱਚ 206 ਦੇਸ਼ਾਂ ਦੇ 6500 ਤੋਂ ਵੱਧ ਐਥਲੀਟ ਔਸਟਰਲਿਟਜ਼ ਬ੍ਰਿਜ ਤੋਂ 94 ਕਿਸ਼ਤੀਆਂ ’ਤੇ ਸਵਾਰ ਹੋ ਕੇ 6 ਕਿਲੋਮੀਟਰ ਦੂਰ ਆਈਫਲ ਟਾਵਰ ਵੱਲ ਗਏ। ਇਹ ਜਲੂਸ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ, ਨੋਟਰੇ ਡੇਮ ਦੇ ਗਿਰਜਾਘਰ, ਲਾਵਰੇ ਮਿਊਜ਼ੀਅਮ ਅਤੇ ਕੁਝ ਸਮਾਗਮ ਸਥਾਨਾਂ ਵਿੱਚੋਂ ਦੀ ਲੰਘਿਆ।
84ਵੇਂ ਨੰਬਰ ਤੇ ਆਇਆ ਭਾਰਤ
ਯੂਨਾਨ ਦੀ ਟੀਮ ਸਭ ਤੋਂ ਪਹਿਲਾਂ ਆਈ, ਕਿਉਂਕਿ ਆਧੁਨਿਕ ਓਲੰਪਿਕ ਖੇਡਾਂ ਇਸ ਦੇਸ਼ ਵਿੱਚ ਸ਼ੁਰੂ ਹੋਈਆਂ ਸਨ। ਸ਼ਰਨਾਰਥੀ ਟੀਮ ਦੂਜੇ ਨੰਬਰ ’ਤੇ ਰਹੀ। ਭਾਰਤੀ ਟੀਮ 84ਵੇਂ ਨੰਬਰ ’ਤੇ ਆਈ ਹੈ। ਇਸ ’ਚ ਪੀਵੀ ਸਿੰਧੂ ਅਤੇ ਅਚੰਤਾ ਸ਼ਰਤ ਕਮਲ ਤਿਰੰਗਾ ਫੜੇ ਨਜ਼ਰ ਆਏ। ਮੇਜ਼ਬਾਨ ਫਰਾਂਸ ਦੀ ਟੀਮ ਅਖ਼ੀਰ ਵਿੱਚ ਆਈ। ਭਾਰਤੀ ਖੇਡ ਪ੍ਰੇਮੀ ਆਪਣੇ ਸਿਤਾਰਿਆਂ ਨੂੰ ਦੇਖਣ ਲਈ ਅੱਧੀ ਰਾਤ ਤੱਕ ਖੜ੍ਹੇ ਰਹੇ।
ਨਦੀ ਦੇ ਕੰਢੇ 3 ਲੱਖ ਤੋਂ ਵੱਧ ਦਰਸ਼ਕਾਂ ਨੇ ਵੇਖੀ ਓਪਨਿੰਗ ਸੈਰੇਮਨੀ
ਰਿਪੋਰਟਾਂ ਮੁਤਾਬਕ ਲਗਭਗ 3,00,000 ਲੋਕਾਂ ਨੇ ਨਦੀ ਦੇ ਕੰਢੇ ਬਣੇ ਸਟੈਂਡਾਂ ਤੋਂ ਉਦਘਾਟਨੀ ਸਮਾਰੋਹ ਦੇਖਿਆ ਅਤੇ 2 ਲੱਖ ਲੋਕਾਂ ਨੇ ਸੀਨ ਨਦੀ ਦੇ ਪੁਲ ਦੇ ਕੰਢੇ ਬਣੇ ਅਪਾਰਟਮੈਂਟਸ ਦੀਆਂ ਬਾਲਕੋਨੀ ਤੋਂ ਉਦਘਾਟਨੀ ਸਮਾਰੋਹ ਦਾ ਨਜ਼ਾਰਾ ਲਿਆ। ਪ੍ਰਬੰਧਕਾਂ ਨੇ ਸਮਾਗਮ ਲਈ 2 ਲੱਖ ਤੋਂ ਵੱਧ ਮੁਫ਼ਤ ਟਿਕਟਾਂ ਦਿੱਤੀਆਂ ਸਨ, ਜਦਕਿ ਇੱਕ ਲੱਖ ਤੋਂ ਵੱਧ ਟਿਕਟਾਂ ਵਿਕੀਆਂ ਸਨ।