‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਵੀ ਜਨਤਕ ਤੌਰ ‘ਤੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਰਗਟ ਸਿੰਘ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਟ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਹਰੀਸ਼ ਰਾਵਤ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜਣ ਦਾ ਫੈਸਲਾ ਕਦੋਂ ਹੋਇਆ ਸੀ।
ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ (ਹਰੀਸ਼) ਵੱਲੋਂ ਦਿੱਤੇ ਇਸ ਬਿਆਨ ਦਾ ਪੰਜਾਬ ਦੇ ਲੋਕਾਂ ’ਤੇ ਮਾੜਾ ਅਸਰ ਪਿਆ ਹੈ ਕਿ ਆਉਂਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਕਿਉਂਕਿ ਦੋ ਮਹੀਨੇ ਪਹਿਲਾਂ ਜਦੋਂ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ ਕਮੇਟੀ ਬਣੀ ਸੀ, ਉਸ ਸਮੇਂ ਫ਼ੈਸਲਾ ਹੋਇਆ ਸੀ ਕਿ ਪੰਜਾਬ ਦੀਆਂ ਚੋਣਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਨੇ ਇਹ ਇਸ਼ਾਰਾ ਹਰੀਸ਼ ਰਾਵਤ ਵੱਲ ਹੀ ਕੀਤਾ ਲੱਗਦਾ ਹੈ ਕਿਉਂਕਿ ਨਵਜੋਤ ਸਿੱਧੂ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦਾ ਬੜਾ ਸਤਿਕਾਰ ਕਰਦੇ ਹਨ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਦੇਖ ਕੇ ਵੋਟਾਂ ਪਈਆਂ ਸਨ ਪਰ ਸਾਢੇ ਚਾਰ ਸਾਲ ਦੌਰਾਨ ਪੰਜਾਬ ਦੇ ਮੁੱਦਿਆਂ ਦਾ ਕੀ ਬਣਿਆ? ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ’ਤੇ ਭਰੋਸਾ ਕੀਤਾ ਸੀ ਪਰ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰੇ।