Punjab

ਬੇਅਦਬੀ ਮਾਮਲੇ ਵਿੱਚ ਪਰਗਟ ਸਿੰਘ ਨੇ ਕੈਪਟਨ ਨੂੰ ਕਰਵਾਇਆ ਜਿੰਮੇਦਾਰੀ ਦਾ ਅਹਿਸਾਸ

ਸਮਾਂ ਨਹੀਂ ਰੁਕਦਾ, ਵੇਲੇ ਸਿਰ ਲੈਣਾ ਪਵੇਗਾ ਫੈਸਲਾ * ਨੀਅਤ ਹੋਵੇ ਤਾਂ ਕੇਸ ਜਿੱਧਰ ਮਰਜ਼ੀ ਲੈ ਜਾਵੋ * ਨਵਜੋਤ ਸਿੱਧੂ ਤੇ ਕੈਪਟਨ ਦੀ ਬਿਆਨਬਾਜੀ ਸੋਭਦੀ ਨਹੀਂ, ਕੋਈ ਛੋਟਾ ਲੀਡਰ ਇਹ ਕਹੇ ਤਾਂ ਗੱਲ ਵੀ ਹੈ * ਕੋਰਟ ਵਿਚ ਕੇਸ ਲਿਜਾ ਕੇ ਸਮਝੋਤੇ ਦੀਆਂ ਪਿਰਤਾਂ ਨਾ ਪਾਵੋ ਅਕਾਲੀ ਦਲ ਨਾ ਮਨਾਵੇ ਬੇਅਦਬੀ ਦੇ ਫੈਸਲੇ ‘ਤੇ ਖੁਸ਼ੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਾਬਕਾ ਹਾਕੀ ਪਲੇਅਰ ਤੇ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਕੈਪਟਨ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਇਸ ਸਾਰੇ ਘਟਨਾਕ੍ਰਮ ਦੀ ਦੇਖਰੇਖ ਕਰਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਵੀ ਚੰਗਾ ਮਾੜਾ ਬੋਲਿਆ ਜਾ ਰਿਹਾ ਹੈ, ਜੋ ਇਸ ਵੇਲੇ ਠੀਕ ਨਹੀਂ ਹੈ। ਮੈਂ ਹਾਕੀ ਪਲੇਅਰ ਰਿਹਾ ਹਾਂ, ਜੇ ਮੇਰੀ ਟੀਮ ਹਾਰਦੀ ਹੈ ਤਾਂ ਮੇਰੀ ਜਿੰਮੇਦਾਰੀ ਬਣਦੀ ਹੈ ਕਿ ਫੈਸਲਾ ਕਰਾਂ ਤੇ ਇਸ ਹਾਰ ਲਈ ਸਖਤ ਕਦਮ ਚੁੱਕਾਂ। ਇਸੇ ਤਰ੍ਹਾਂ ਕੈਪਟਨ ਹੀ ਇਸ ਮਾਮਲੇ ਲਈ ਜਿੰਮੇਦਾਰ ਭੂਮਿਕਾ ਨਿਭਾ ਸਕਦੇ ਹਨ।

ਨਵਜੋਤ ਸਿੱਧੂ ਤੇ ਦਿੱਤੇ ਬਿਆਨ ‘ਤੇ ਕੀਤੀ ਕੈਪਟਨ ਦੀ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੇ ਲੈਵਲ ਦਾ ਲੀਡਰ ਕਰੇ ਤਾਂ ਚੰਗਾ ਲੱਗਦਾ ਹੈ, ਕੈਪਟਨ ਨੂੰ ਅਜਿਹੀ ਬਿਆਨਬਾਜੀ ਨਹੀਂ ਸੋਭਦੀ। ਪਰਗਟ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬੀਜੇਪੀ ਨੇ ਹਾਲਾਤ ਬਹੁਤ ਚਿੰਤਾਜਨਕ ਕਰ ਦਿੱਤੇ ਹਨ। ਇਸਨੂੰ ਕਾਂਗਰਸ ਪਾਰਟੀ ਹੀ ਠੀਕ ਕਰ ਸਕਦੀ ਹੈ। ਅਸੀਂ ਹਰ ਕੇਸ ਨੂੰ ਕੋਰਟ ਵਿਚ ਲਿਜਾ ਕੇ ਸਮਝੌਤਾ ਕਰਨ ਦੀਆਂ ਨਵੀਆਂ ਪਿਰਤਾਂ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਕਿਸੇ ਲਈ ਨਹੀਂ ਰੁਕਦਾ, ਤੇ ਵੇਲੇ ਸਿਰ ਫੈਸਲਾ ਲੈ ਲੈਣਾ ਚਾਹੀਦਾ ਹੈ। ਇਹ ਸਮੱਸਿਆਵਾਂ ‘ਤੇ ਸੋਚਣ ਦਾ ਸਮਾਂ ਹੈ।


ਪਰਗਟ ਨੇ ਕਿਹਾ ਮੈਂ 2019 ਵਿਚ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ, ਇਸ ਵਿਚ ਮੈਂ ਕਈ ਪੁਆਇੰਟ ਫੋਕਸ ਕੀਤੇ ਸਨ, ਪਰ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਕੁੱਝ ਪਾਜੇਟਿਵ ਕੀਤਾ ਜਾਵੇ। ਸਰਕਾਰ ਨੂੰ ਹਰ ਗੱਲ ‘ਤੇ ਸਿੱਧਾ ਬੋਲਣਾ ਚਾਹੀਦਾ ਹੈ ਤੇ ਆਪ ਹਰ ਮੁੱਦੇ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਕੈਪਟਨ ਸਰਵੇ ਕਰਵਾਉਣ ਦੀ ਗੱਲ ਕਰਦੇ ਹਨ, ਸਰਕਾਰ ਨੂੰ ਪੰਜਾਬ ਦਾ ਹੀ ਸਰਵੇ ਕਰਵਾ ਲੈਣਾ ਚਾਹੀਦਾ ਹੈ, ਸੱਚ ਸਾਬਿਤ ਹੋ ਜਾਵੇਗਾ। ਹਰ ਚੀਜ਼ ‘ਤੇ ਮਿੱਟੀ ਨਹੀਂ ਪਾ ਸਕਦੇ।

ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿਚ ਫਿਰ ਜਾਂਚ ਕਰਕੇ ਚਲਾਨ ਪੇਸ਼ ਕਰਨੇ ਚਾਹੀਦੇ ਹਨ। ਬੇਅਦਬੀ ਦੀ ਅਸਲ ਜੜ੍ਹ ਨੂੰ ਕੋਈ ਨਹੀਂ ਫੜ੍ਹ ਰਿਹਾ। ਪਹਿਲਾਂ ਪੇਸ਼ ਕੀਤੇ ਚਲਾਨ ਕਿਸੇ ਨੇ ਖਾਰਿਜ ਨਹੀਂ ਕੀਤੇ ਸਗੋਂ ਖਟਰੇ ਨੂੰ ਇਸ ਤੋਂ ਲਾਂਭੇ ਕੀਤਾ ਸੀ ਕਿ ਉਹ ਇਸਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੋਮ ਮਨਿਸਟ ਹੁੰਦਿਆਂ ਇਸਦੀ ਜਿੰਮੇਦਾਰੀ ਲੈਣੀ ਚਾਹੀਦੀ ਹੈ। ਪਿਛਲੀ ਵਾਰ ਰਵੀ ਸਿੱਧੂ ਨੂੰ ਕੈਪਟਨ ਨੇ ਅੰਦਰ ਕੀਤਾ ਸੀ, ਜਦੋਂ ਮਨ ਹੀ ਨਾ ਹੋਵੇ ਕਿ ਫੈਸਲਾ ਕਰਨਾ ਹੈ, ਤਾਂ ਕੇਸ ਜਿੱਧਰ ਮਰਜੀ ਤੋਰ ਲਵੋ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਬਹੁਤੀਆਂ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ।