Punjab

ਸਕੂਲਾਂ ‘ਚ ਰਾਖਵੀਆਂ ਸੀਟਾਂ ਕਾਰਨ ਆਮ ਵਰਗ ਦੇ ਮਾਪੇ ਫਿਕਰਮੰਦ , ਸੌ ਵਿੱਚੋਂ ਆਮ ਵਰਗ ਲਈ ਸਿਰਫ 37 ਸੀਟਾਂ

Parents worried because of reserved seats in schools

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ( Chandigarh is the capital of Punjab and Haryana ) ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2023-24 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚੇ ਨੂੰ ਦਾਖਲਾ ਦਿਵਾਉਣ ਦੇ ਚਾਹਵਾਨ ਫਿਕਰਮੰਦ ਹਨ। ਚਾਰ ਕਾਨਵੈਂਟ ਸਕੂਲਾਂ ਦੇ ਡਰਾਅ 20 ਜਨਵਰੀ ਨੂੰ ਕੱਢੇ ਗਏ ਅਤੇ ਬਾਕੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਕੱਢੇ ਜਾਣਗੇ। ਇਸ ਤੋਂ ਇਲਾਵਾ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ ਤੇ ਹੋਰਾਂ ਲਈ ਰੱਖਣ ਕਾਰਨ ਆਮ ਵਰਗ ਦੇ ਵਿਦਿਆਰਥੀਆਂ ਦਾ ਡਰਾਅ ਵਿੱਚ ਨੰਬਰ ਨਹੀਂ ਆ ਰਿਹਾ। ਇੱਥੋਂ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ 33 ਵਿਚ ਅੱਜ ਆਨਲਾਈਨ ਡਰਾਅ ਕੱਢਿਆ ਗਿਆ ਜਿਸ ਵਿਚ ਸੀਮਤ ਗਿਣਤੀ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲਿਆ।

ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸੈਕਟਰ 9, ਸੇਂਟ ਜੋਹਨਜ਼ ਸੈਕਟਰ 26, ਸੇਕਰਡ ਹਾਰਟ ਸੈਕਟਰ 26 ਤੇ ਸੇਂਟ ਐਨੀਜ਼ ਸੈਕਟਰ 32 ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਮਾਨਿਓਰਿਟੀ ਦਰਜਾ ਹਾਸਲ ਹੈ ਤੇ ਇਹ ਸਕੂਲ ਕ੍ਰਿਸਚੀਅਨ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਂਦੇ ਹਨ।

ਇਸ ਤੋਂ ਇਲਾਵਾ ਇਨ੍ਹਾਂ ਦਾ ਮੈਨੇਜਮੈਂਟ ਕੋਟਾ, ਭੈਣ ਭਰਾਵਾਂ ਨੂੰ ਤਰਜੀਹ ਤੇ ਸਟਾਫ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦਾ ਡਰਾਅ ਵਿਚ ਵੀ ਨੰਬਰ ਨਹੀਂ ਆ ਰਿਹਾ।

ਭਵਨ ਵਿਦਿਆਲਿਆ ਵਿੱਚ ਐਂਟਰੀ ਲੈਵਲ ਜਮਾਤ ਲਈ 100 ਸੀਟਾਂ ਹਨ ਪਰ 25 ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰੀਆਂ ਲਈ ਰਾਖਵੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਸਾਬਕਾ ਵਿਦਿਆਰਥੀਆਂ ਲਈ 5 ਸੀਟਾਂ, 20 ਸੀਟਾਂ ਸਕੂਲ ਵਿਚ ਪੜ੍ਹਦੇ ਭੈਣ ਭਰਾਵਾਂ ਲਈ ਰਾਖਵੀਆਂ ਹਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਦੀਆਂ ਆਪਣੀਆਂ 10 ਸੀਟਾਂ ਹਨ ਤੇ ਇਸ ਵਾਰ ਤਿੰਨ ਸੀਟਾਂ ਸਟਾਫ ਲਈ ਰਾਖਵੀਆਂ ਹਨ। ਇਸ ਹਿਸਾਬ ਨਾਲ ਅੱਜ ਆਮ ਵਰਗ ਦੇ 37 ਬੱਚਿਆਂ ਨੂੰ ਹੀ ਦਾਖਲਾ ਮਿਲਿਆ।

ਸਰਦੀਆਂ ਕਾਰਨ ਚੰਡੀਗੜ੍ਹ ਦੇ ਸਕੂਲਾਂ ਦਾ ਖੁੱਲ੍ਹਣ ਦਾ ਸਮਾਂ ਹੁਣ ਸਵੇਰੇ ਨੌਂ ਵਜੇ ਹੋਵੇਗਾ ਜਿਸ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ 20 ਜਨਵਰੀ ਨੂੰ ਸਰਕੁਲਰ ਜਾਰੀ ਕਰ ਦਿੱਤਾ ਹੈ। ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 2.20 ਤਕ ਖੁੱਲ੍ਹਣਗੇ ਜਦਕਿ ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਛੇਵੀਂ ਤੋਂ ਉੱਤੇ ਦੀਆਂ ਜਮਾਤਾਂ ਦਾ ਸਮਾਂ ਨੌਂ ਤੋਂ ਸਵਾ ਇਕ ਵਜੇ ਤੇ ਪਹਿਲੀ ਤੋਂ ਪੰਜਵੀਂ ਡਬਲ ਸ਼ਿਫਟ ਲਈ ਸਮਾਂ ਡੇਢ ਤੋਂ ਦੁਪਹਿਰ ਸਾਢੇ ਚਾਰ ਵਜੇ ਹੋਵੇਗਾ।