ਬਿਉਰੋ ਰਿਪੋਰਟ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਰਵਾਇਤ ਅਨੁਸਾਰ ਤਨਖ਼ਾਹੀਆ ਕਰਾਰ ਦਿੱਤਾ ਗਿਆ ਪਰ ਜਿਸ ਤਰ੍ਹਾਂ ਕੁਝ ਲੋਕ ਦਬਾਅ ਬਣਾਉਣ ਲਈ ਉਨ੍ਹਾਂ ਦੇ ਸਿਆਸੀ ਬਾਈਕਾਟ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਇੱਕ ਪਾਸੇ ਕਰਨ ਦੇ ਬਿਆਨ ਦੇ ਰਹੇ ਹਨ, ਉਹ ਸਿੱਖ ਰਵਾਇਤ ਦਾ ਹਿੱਸਾ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਲਤੀ ਕਰਨ ਵਾਲੇ ਸਿੱਖ ਨੂੰ ਸਜ਼ਾ ਲਗਾਉਣ ਦੇ ਵਿਧਾਨ ਦਾ ਮਕਸਦ ਸਿੱਖ ਦੇ ਹਿਰਦੇ ਨੂੰ ਸਾਫ ਕਰਕੇ ਗੁਰੂ ਦਰ ਨਾਲ ਮੁੜ ਤੋਂ ਜੋੜਨਾ ਹੈ ਨਾ ਕਿ ਕਿਸੇ ਸਿਆਸੀ ਜਾਂ ਹੋਰ ਮਸਲੇ ਕਰਕੇ ਉਸਨੂੰ ਇੱਕ ਪਾਸੇ ਕਰਨਾ।
ਪ੍ਰੈਸ ਨੋਟ ਜਾਰੀ ਕਰਦਿਆਂ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਵੀ ਸਿੱਖ ਨੁੰ ਸਜ਼ਾ ਲਗਾਉਣ ਤੋਂ ਬਾਅਦ ਉਸਨੂੰ ਸਜ਼ਾ ਪੂਰੀ ਕਰਕੇ ਗੁਰੂ ਰੂਪ ਖ਼ਾਲਸਾ ਸੰਗਤ ਵਿੱਚ ਮੁੜ ਬੈਠਣ ਦਾ ਪੂਰਾ ਹੱਕ ਹੈ। ਸਿਆਸੀ ਵਖਰੇਵਿਆਂ ਕਾਰਨ ਕਿਸੇ ਕੋਲੋਂ ਵੀ ਇਹ ਹੱਕ ਖੋਹਣ ਦੀ ਗੱਲ ਕਰਨਾ ਪੰਥ ਦੀ ਰਵਾਇਤ ਦੇ ਉਲਟ ਜਾਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਜਾਂਦੀ ਕੋਈ ਵੀ ਸਜ਼ਾ ਜਾਂ ਤਾੜਨਾ ਗੁਰੂ ਨਾਲ ਟੁੱਟੀ ਗੰਢਣ ਦਾ ਜ਼ਰੀਆ ਹੈ ਪਰ ਅੱਜ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅੱਗੇ ਸਿਰ ਝੁਕਾਉਂਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਤਾਂ ਪੰਥ ਦੀ ਰਵਾਇਤ ਅਨੁਸਾਰ ਉਹਨਾਂ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸਜ਼ਾ ਲਗਾਉਣੀ ਚਾਹੀਦੀ ਹੈ, ਪਰ ਇਸ ਅਮਲ ਵਿੱਚ ਹੋ ਰਹੀ ਦੇਰੀ ਪਹਿਲਾਂ ਕਦੇ ਦੇਖਣ ਵਿੱਚ ਨਹੀਂ ਆਈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਸ਼ੰਕਾ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਵ ਉਚਾ ਸੀ ਹੈ ਤੇ ਰਹੇਗਾ। ਇਸਦੇ ਬਾਰੇ ਕਿਸੇ ਦੀ ਕੋਈ ਦੋ ਰਾਇ ਨਹੀ ਹੋ ਸਕਦੀ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇੱਕ ਵਿਧੀ ਵਿਧਾਨ ਵੀ ਹੈ।