Punjab

ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਣਗੇ ਤਰਨਤਾਰਨ ਉਪ-ਚੋਣ

ਬਿਊਰੋ ਰਿਪੋਰਟ: ਤਰਨਤਾਰਨ ਵਿੱਚ ਹੋਣ ਵਾਲੀਆਂ ਉਪ-ਚੋਣਾਂ ਲਈ ਅਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੱਡਾ ਝਟਕਾ ਲੱਗਿਆ ਹੈ। ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਸੀ ਕਿ ਹਿਊਮਨ ਰਾਈਟਸ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਪਰ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।

ਅੱਜ ਤਰਨਤਾਰਨ ਵਿੱਚ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਆਉਣ ਵਾਲੀਆਂ ਉਪ-ਚੋਣਾਂ ਨਹੀਂ ਲੜਣਗੇ। 2019 ਵਿੱਚ ਉਹਨਾਂ ਨੇ ਪਾਪੀਆਂ ਦਾ ਚਿਹਰਾ ਬੇਨਕਾਬ ਕਰਨ ਲਈ ਚੋਣ ਲੜੀ ਸੀ। ਉਹਨਾਂ ਦਾ ਕਹਿਣਾ ਹੈ ਕਿ ਚੋਣ ਲੜਨਾ ਉਨ੍ਹਾਂ ਦਾ ਪੇਸ਼ਾ ਨਹੀਂ ਹੈ, ਸਗੋਂ ਸਿਰਫ਼ ਖ਼ਾਸ ਹਾਲਾਤਾਂ ਵਿੱਚ ਹੀ ਉਹ ਚੋਣ ਮੈਦਾਨ ਵਿੱਚ ਉਤਰੇ ਸਨ।

ਇਸੇ ਵਿਚਕਾਰ, ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਆਪਣੇ ਸ਼ਬਦ ਵਾਪਸ ਲੈ ਲਏ ਹਨ। ਉਹਨਾਂ ਸਪਸ਼ਟ ਕੀਤਾ ਕਿ ਪਰਮਜੀਤ ਕੌਰ ਖਾਲੜਾ ਨੂੰ ਪਾਰਟੀ ਦਾ ਅਧਿਕਾਰਕ ਉਮੀਦਵਾਰ ਐਲਾਨਿਆ ਨਹੀਂ ਗਿਆ ਸੀ, ਸਗੋਂ ਸਿਰਫ਼ ਉਨ੍ਹਾਂ ਨੂੰ ਪਾਰਟੀ ਦੀ ਪਹਿਲੀ ਪਸੰਦ ਕਿਹਾ ਗਿਆ ਸੀ।

2019 ਦੀ ਲੋਕ ਸਭਾ ਚੋਣ

ਪਰਮਜੀਤ ਕੌਰ ਖਾਲੜਾ, ਹਿਊਮਨ ਰਾਈਟਸ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਦੀ ਪਤਨੀ ਹਨ, ਜਿਨ੍ਹਾਂ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਸਿੱਖਾਂ ਖ਼ਿਲਾਫ਼ ਹੋ ਰਹੇ ਅਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਅਵਾਜ਼ ਚੁੱਕੀ ਸੀ। 2019 ਦੇ ਲੋਕ ਸਭਾ ਚੋਣਾਂ ਵਿੱਚ ਬੀਬੀ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਜਿਸ ਵਿੱਚ ਉਹਨਾਂ ਨੂੰ ਕਰੀਬ 2 ਲੱਖ 14 ਹਜ਼ਾਰ ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਸਥਾਨ ’ਤੇ ਰਹੇ ਸਨ।