ਚੰਡੀਗੜ੍ਹ: ਪੈਰਾ ਓਲੰਪੀਅਨ ਖਿਡਾਰੀ ਤਰੁਨ ਸ਼ਰਮਾ ਆਖ਼ਰਕਾਰ ਪੰਜਾਬ ਸਰਕਾਰ ਵੱਲੋਂ ਖੰਨਾ ਨਗਰ ਨਿਗਮ ਵਿੱਚ ਨੌਕਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਤਰੁਨ ਸ਼ਰਨਾ ਨੇ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਬੇਹੱਦ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।
NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਲਗਾਤਾਰ ਤਰੁਨ ਨੂੰ ਨੌਕਰੀ ਦਿਵਾਉਣ ਲਈ ਲਗਾਤਾਰ ਯਤਨ ਕਰ ਰਹੇ ਸਨ। ਉਨ੍ਹਾਂ ਨੇ ਵੀ ਪੰਜਾਬ ਸਰਕਾਰ ਦਾ ਇਸ ਲਈ ਧੰਨਵਾਦ ਕੀਤਾ ਹੈ। ਈਸ਼ਰਪ੍ਰੀਤ ਸਿੰਘ ਨੇ ਕਿਹਾ ਕਿ ਤਰੁਨ ਸ਼ਰਮਾ ਸਮੂਹ ਨੌਜਵਾਨਾਂ ਲਈ ਇੱਕ ਰੋਲ ਮਾਡਲ ਹੈ। ਬਾਕੀ ਬੱਚੇ ਤੇ ਨੌਜਵਾਨ ਵੀ ਤਰੁਨ ਤੋਂ ਪ੍ਰੇਰਨਾ ਲੈਣਗੇ। ਤਰੁਣ ਦੀ ਕਹਾਣੀ ਇੱਕ ਪ੍ਰੇਰਨਾ ਹੈ, ਅਤੇ ਅਸੀਂ ਸਾਰੇ ਯੋਗ ਖਿਡਾਰੀਆਂ ਦੇ ਅਧਿਕਾਰਾਂ ਅਤੇ ਮਾਨਤਾ ਲਈ ਲੜਨਾ ਜਾਰੀ ਰੱਖਾਂਗੇ।
ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ, “ਇਹ ਸਿਰਫ਼ ਤਰੁਣ ਸ਼ਰਮਾ ਦੀ ਜਿੱਤ ਨਹੀਂ ਹੈ, ਸਗੋਂ ਹਰ ਉਸ ਅਥਲੀਟ ਦੀ ਜਿੱਤ ਹੈ ਜੋ ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਇੱਕ ਫਰਕ ਲਿਆਉਣ ਦਾ ਸੁਪਨਾ ਦੇਖਦਾ ਹੈ। ਤਰੁਣ ਦੀ ਯਾਤਰਾ ਬਹੁਤ ਸੰਘਰਸ਼ ਵਾਲੀ ਰਹੀ ਹੈ, ਅਤੇ ਅੱਜ ਉਸਦੀ ਸਫਲਤਾ ਉਸਦੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦਾ ਪ੍ਰਮਾਣ ਹੈ। ਇਹ ਸਾਡੇ ਸਾਰਿਆਂ ਲਈ NSUI ਪੰਜਾਬ ਲਈ ਬਹੁਤ ਮਾਣ ਦਾ ਪਲ ਹੈ।”
ਤਰੁਣ ਸ਼ਰਮਾ ਨੇ ਰੋਂਦੇ ਹੋਏ ਕਿਹਾ, “ਮੈਂ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ। ਇਹ ਨੌਕਰੀ ਮੇਰੇ ਲਈ ਇੱਕ ਦੁਨੀਆ ਦੇ ਬਰਾਬਰ ਹੈ, ਅਤੇ ਮੈਨੂੰ ਲੱਗਦਾ ਹੈ ਕਿ ਸਾਲਾਂ ਤੋਂ ਮੇਰੀ ਸਾਰੀ ਮਿਹਨਤ ਅਤੇ ਲਗਨ ਨੂੰ ਆਖ਼ਰਕਾਰ ਮਾਨਤਾ ਮਿਲੀ ਹੈ।”
ਦੱਸ ਦੇਈਏ ਪਿਛਲੇ ਦਿਨੀਂ ਚੰਡੀਗੜ੍ਹ (Chandigarh) ਵਿੱਚ ਤਰੁਣ ਸ਼ਰਮਾ (Tarun Sharma) ਦੇ ਨਾਲ ਐਨਐਸਯੂਆਈ (NSUI) ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਇਸ ਸਮੇਂ ਦੇ ਵਿੱਚ- ਵਿੱਚ ਤਰੁਣ ਸ਼ਰਮਾ ਨੂੰ ਨੌਕਰੀ ਨਹੀਂ ਮਿਲਦੀ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸ਼ਾਤਮਈ ਧਰਨਾ ਦੇ ਕੇ ਤਰੁਣ ਲਈ ਲੜਾਈ ਲੜਨਗੇ।
ਦੱਸ ਦੇਈਏ ਤਰੁਣ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਗੋਲਡ ਮੈਡਲ ਜਿੱਤਿਆ ਹੈ। ਪਰ ਫਿਰ ਵੀ ਪੰਜਾਬ ਸਰਕਾਰ ਉਸ ਨੂੰ ਉਸ ਦਾ ਬਣਦਾ ਸਿਹਰਾ ਨਹੀਂ ਦੇ ਰਹੀ ਹੈ। ਪੰਜਾਬ ਖੇਡ ਵਿਭਾਗ ਵੱਲੋਂ ਸਰਕਾਰੀ ਨੌਕਰੀ ਲਈ ਸੂਚੀਬੱਧ ਕੀਤੇ ਜਾਣ ਦੇ ਬਾਵਜੂਦ ਉਸ ਦਾ ਨਾਂ ਨਵੀਂ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ।