ਬਿਊਰੋ ਰਿਪੋਰਟ : ਪਠਾਨਕੋਟ ਵਿੱਚ ਪਤੀ-ਪਤਨੀ ਦੇ ਮੂੰਹ ‘ਤੇ ਪਲਾਸਟਿਕ ਦਾ ਲਿਫਾਫਾ ਪਾਕੇ ਮਾਰਨ ਵਾਲੇ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਪੱਛਾਣ ਕਰ ਲਈ ਹੈ । ਬਜ਼ੁਰਗ ਪਤੀ-ਪਤਨੀ ਦੇ ਕਤਲ ਨੂੰ ਉਨ੍ਹਾਂ ਦੇ ਨੌਕਰ ਨੇ ਅੰਜਾਮ ਦਿੱਤਾ ਸੀ। ਵਾਰਦਾਤ ਦੇ ਬਾਅਦ ਮੁਲਜ਼ਮ ਮਾਲਿਕ ਦੇ ਕੱਪੜੇ ਪਾਕੇ ਉਨ੍ਹਾਂ ਦੀ ਸਕੂਟੀ ‘ਤੇ ਫਰਾਰ ਹੋ ਗਿਆ । ਪੁਲਿਸ ਨੇ ਵਾਰਦਾਤ ਦੇ ਸਮੇਂ ਪਾਏ ਕੱਪੜਿਆਂ ਨੂੰ ਬਰਾਮਦ ਕਰ ਲਿਆ ਹੈ । ਹਾਲਾਂਕਿ ਨੌਕਰ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਸੀਸੀਟੀਵੀ ਦੇ ਅਧਾਰ ‘ਤੇ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਕਰ ਘਰ ਤੋਂ ਕੀਮਤੀ ਸਮਾਨ ਲੈਕੇ ਵੀ ਫਰਾਰ ਹੋ ਗਿਆ ਸੀ । ਪਤੀ-ਪਤਨੀ ਘਰ ‘ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਦੋਵੇ ਪੁੱਤਰ ਇੰਗਲੈਂਡ ‘ਚ ਰਹਿੰਦੇ ਹਨ, ਜਦਕਿ ਧੀ ਚੰਡੀਗੜ੍ਹ ‘ਚ ਪੜ੍ਹ ਰਹੀ ਹੈ।
ਤੇਜ਼ਧਾਰ ਹਥਿਆਰ ਨਾਲ ਕਤਲ
ਪਿੰਡ ਮਨਵਾਲ ਬਾਗ ਵਿੱਚ ਆਟੇ ਦੀ ਚੱਕੀ ਚਲਾਉਣ ਵਾਲੇ ਬਜ਼ੁਰਗ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਆਵਾਜ਼ ਬਾਹਰ ਨਾ ਜਾਵੇ ਇਸ ਦੇ ਲਈ ਮੂੰਹ ‘ਤੇ ਪਲਾਸਟਿਕ ਦਾ ਲਿਫਾਫਾ ਪਾ ਦਿੱਤਾ ਸੀ । ਜਿਸ ਬਜ਼ੁਰਗ ਜੋੜੇ ਦਾ ਕਤਲ ਹੋਇਆ ਹੈ ਉਨ੍ਹਾਂ ਦਾ ਨਾਂ ਰਾਜਕੁਮਾਰ ਹੈ ਜਿੰਨਾਂ ਦੀ ਉਮਰ 62 ਹੈ ਅਤੇ ਪਤਨੀ ਚੰਪਾ ਦੇਵੀ ਦੀ ਉਮਰ 57 ਸਾਲ ਦੱਸੀ ਜਾ ਰਹੀ ਹੈ।
ਨੌਕਰ ਨੇ ਗੁੱਸੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ
ਪਠਾਨਕੋਟ ਦੇ SSP ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਨੌਕਰ ਨੇ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਦੀ ਪੱਛਾਣ 30 ਸਾਲ ਦੇ ਬਲਵਿੰਦਰ ਸਿੰਘ ਉਰਫ਼ ਕਾਲੂ ਦੇ ਰੂਪ ਵਿੱਚ ਹੋਈ ਹੈ । ਹਾਲਾਂਕਿ ਮੁਲਜ਼ਮ ਹੁਣ ਵੀ ਫ਼ਰਾਰ ਹੈ,SSP ਨੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮ ਦੇ ਵਿਚਾਲੇ ਤਨਖਾਹ ਨੂੰ ਲੈਕੇ ਵਿਵਾਦ ਸੀ । ਜਿਸ ਦੇ ਚੱਲਿਆਂ ਗੁੱਸੇ ਵਿੱਚ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ ।
ਮੁਲਜ਼ਮ ਦੇ ਕੱਪੜੇ ਪੁਲਿਸ ਨੇ ਬਰਾਮਦ ਕੀਤੇ ਹਨ
ਫਿਲਹਾਲ ਪੁਲਿਸ ਨੇ ਖੂਨ ਕਰਨ ਵੇਲੇ ਮੁਲਜ਼ਮ ਦੇ ਜਿਹੜੇ ਕੱਪੜੇ ਪਾਏ ਸਨ ਉਸ ਨੂੰ ਬਰਾਮਦ ਕਰ ਲਿਆ ਹੈ । ਮੁਲਜ਼ਮ ਨੂੰ ਫੜਨ ਦੇ ਲਈ ਕਈ ਟੀਮਾਂ ਬਣਾਇਆ ਗਈਆਂ ਹਨ। ਜੋ ਛਾਪੇਮਾਰੀ ਕਰ ਰਹੀ ਹੈ, ਪੁਲਿਸ ਨੇ ਮੁਲਜ਼ਮ ਦੇ ਵਾਰੰਟਿਡ ਪੋਸਟਰ ਜਾਰੀ ਕਰ ਦਿੱਤੇ ਹਨ। ਜਲਦ ਹੀ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਰਹੀ ਹੈ । ਪੁਲਿਸ ਨੇ ਕਈ ਥਾਵਾਂ ਤੋਂ ਮੁਲਜ਼ਮ ਦੀ CCTV ਫੁਟੇਜ ਵੀ ਕਬਜ਼ੇ ਵਿੱਚ ਲਈ ਹੈ ।