India

ਪੰਨੂ ਵੱਲੋਂ ਹਰਿਆਣਾ ਦੇ ਗੁਰੂ ਘਰ ‘ਚ ਅਰਦਾਸ ਕਰਨ ਦੀ ਬੇਨਤੀ, ਪੁਲਿਸ ਹੋਈ ਚੌਕਸ

 

‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਸਟਿਸ’  ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹੁਣ ਇੱਕ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੰਨੂ ਅੱਜ 11 ਜੁਲਾਈ ਨੂੰ ਰਾਇਸ਼ੁਮਾਰੀ-2020 ਸਬੰਧੀ ਸਿੱਖ ਸੰਗਤ ਨੂੰ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਵਿਖੇ ਅਰਦਾਸ ਕਰਨ ਲਈ ਕਹਿ ਰਿਹਾ ਹੈ।

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਰਾਇਸ਼ੁਮਾਰੀ-2020 ਦੀ ਵੋਟਿੰਗ ਦੀ ਸ਼ੁਰੂਆਤ ਹਰਿਆਣਾ ਵਿੱਚ 11 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਹਰਿਆਣਾ ਪੰਜਾਬ ਦਾ ਹਿੱਸਾ ਹੈ ਅਤੇ ਇਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ 1966 ਵਿੱਚ ਵੱਖ ਕੀਤਾ ਗਿਆ ਸੀ।  ਆਡੀਓ ਵਾਇਰਲ ਹੋਣ ਤੁਰੰਤ ਬਾਅਦ ਹਰਿਆਣਾ ਪੁਲੀਸ ਨੇ ਥਾਂ-ਥਾਂ ‘ਤੇ ਚੌਕਸੀ ਵਧਾ ਦਿੱਤੀ ਹੈ।

 

ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਮੈਨੇਜਰ ਅਮਰਿੰਦਰ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰਾ 6ਵੀਂ ਪਾਤਸ਼ਾਹੀ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜੋ ਮਹਿਜ਼ ਅਫ਼ਵਾਹ ਹੈ।

 

ਉਹਨਾਂ ਕਿਹਾ ਇਸ ਪ੍ਰੋਗਰਾਮ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਿੱਖ ਸੰਗਤ ਨੂੰ ਇਸ ਅਫ਼ਵਾਹ ਤੋਂ ਬਚਣ ਦੀ ਅਪੀਲ ਕੀਤੀ ਹੈ।

 

ਇਸ ਤੋਂ ਪਹਿਲਾਂ  ‘ਸਿੱਖਸ ਫਾਰ ਜਸਟਿਸ’ ਵੱਲੋਂ ਪੰਜਾਬ ਵਿੱਚ ਰੈਫਰੈਂਡਮ-2020 ਲਈ ਵੋਟਾਂ ਦੀ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ SFJ ਨੇ ਇਕ ਰੂਸੀ ਵੈੱਬ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। SFJ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਖਾਲਿਸਤਾਨ ਦੀ ਮੰਗ ਲਈ ਰੈਫਰੈਂਡਮ 2020 ਕਰਵਾਉਣ ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਸੀ।