India International Manoranjan

ਹੁਣ ਪੰਨੂੰ ਨੇ ਦਿੱਤੀ ਕਪਿਲ ਸ਼ਰਮਾ ਨੂੰ ਧਮਕੀ! ਕਾਰੋਬਾਰ ਦੇ ਬਹਾਨੇ ਕੈਨੇਡਾ ’ਚ ਹਿੰਦੂਤਵ ਉਤਸ਼ਾਹਿਤ ਕਰਨ ਦਾ ਇਲਜ਼ਾਮ

ਬਿਉਰੋ ਰਿਪੋਰਟ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਕੈਨੇਡਾ ਵਿੱਚ ਆਪਣਾ ਕੈਫੇ ਖੋਲ੍ਹਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਕਪਿਲ ਦੇ ਕੈਪਸ ਕੈਫੇ ’ਤੇ ਬੱਬਰ ਖਾਲਸਾ ਵੱਲੋਂ ਨਿਸ਼ਾਨਾ ਬਣਾਇਆ ਅਤੇ ਉਸ ’ਤੇ ਗੋਲੀਆਂ ਚਲਾਈਆਂ। ਹੁਣ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਪਿਲ ਨੂੰ ਧਮਕੀ ਦਿੱਤੀ ਹੈ।

ਇੱਕ ਵੀਡੀਓ ਸੰਦੇਸ਼ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਪੰਨੂ ਨੇ ਕਪਿਲ ਸ਼ਰਮਾ ’ਤੇ ਕਾਰੋਬਾਰ ਦੇ ਬਹਾਨੇ ਕੈਨੇਡਾ ਵਿੱਚ ਹਿੰਦੂਤਵ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਾਇਆ ਹੈ ਅਤੇ ਕਿਹਾ ਕਿ ਦੇਸ਼ ਆਪਣੀ ਧਰਤੀ ’ਤੇ ਅਜਿਹੇ ਵਿਚਾਰਾਂ ਨੂੰ ਵਧਣ-ਫੁੱਲਣ ਨਹੀਂ ਦੇਵੇਗਾ।

ਪੰਨੂੰ ਆਪਣੇ ਵੀਡੀਓ ਸੰਦੇਸ਼ ਵਿੱਚ ਕਪਿਲ ਸ਼ਰਮਾ ਨੂੰ ਕਿਹਾ ਹੈ ਕਿ ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ। ਆਪਣੀ ਕਮਾਈ ਭਾਰਤ ਵਾਪਸ ਲੈ ਜਾਓ। ਕੈਨੇਡਾ ਕਾਰੋਬਾਰ ਦੀ ਆੜ ਵਿੱਚ ਹਿੰਸਕ ਹਿੰਦੂਤਵ ਦੀ ਵਿਚਾਰਧਾਰਾ ਨੂੰ ਕੈਨੇਡਾ ਦੀ ਧਰਤੀ ’ਤੇ ਜੜ੍ਹ ਨਹੀਂ ਫੜਨ ਦੇਵੇਗਾ।

10 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਗਿੰਨੀ ਚਤੁਰਥ ਦੇ ਇੱਕ ਨਵੇਂ ਖੁੱਲ੍ਹੇ ਕੈਫੇ ’ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ। ਰੈਸਟੋਰੈਂਟ ਵਿੱਚ ਭੰਨਤੋੜ ਹੋਈ ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਲਾਡੀ ਗੈਂਗ ਦੁਆਰਾ ਨਿਸ਼ਾਨਾ ਬਣਾਇਆ ਹਮਲਾ ਸੀ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਲਾਡੀ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।