ਬਿਊਰੋ ਰਿਪੋਰਟ (ਚੰਡੀਗੜ੍ਹ, 27 ਨਵੰਬਰ 2025): ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੇ ਵਿਦਿਆਰਥੀ ਸੰਘਰਸ਼ ਦਾ ਅੱਜ ਵੱਡਾ ਨਤੀਜਾ ਸਾਹਮਣੇ ਆ ਗਿਆ ਹੈ। ਵਿਦਿਆਰਥੀਆਂ ਵੱਲੋਂ ਸੈਨੇਟ ਚੋਣਾਂ ਦੀ ਤਾਰੀਖਾਂ ਨੂੰ ਲੈ ਕੇ ਕੀਤੇ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਆਧਿਕਾਰਿਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਯੂਨੀਵਰਸਿਟੀ (PU) ਦੇ ਚਾਂਸਲਰ ਅਤੇ ਉਪ-ਰਾਸ਼ਟਰਪਤੀ ਦੇ ਦਫ਼ਤਰ ਨੇ ਸੈਨੇਟ ਚੋਣਾਂ ਦੀਆਂ ਤਾਰੀਖਾਂ ਨੂੰ ਮਨਜ਼ੂਰੀ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਸਕੱਤਰ ਸ੍ਰੀਮਤੀ ਸਾਰਿਤਾ ਚੌਹਾਨ ਨੇ ਦੱਸਿਆ ਕਿ ਚੋਣਾਂ ਉਸੇ ਸ਼ਡਿਊਲ ਅਨੁਸਾਰ ਹੋਣਗੀਆਂ, ਜੋ ਪਹਿਲਾਂ ਯੂਨੀਵਰਸਿਟੀ ਵੱਲੋਂ ਭੇਜਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਅਤੇ ਪਿਛਲੀ ਸੈਨੇਟ ਦਾ ਕਾਰਜਕਾਲ 31 ਅਕਤੂਬਰ 2024 ਨੂੰ ਖ਼ਤਮ ਹੋ ਗਿਆ ਸੀ। ਨਵੀਂ ਸੈਨੇਟ ਚੁਣੇ ਜਾਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ ਸੀ, ਜਿਸ ਕਾਰਨ ਚੋਣਾਂ ਰੁਕੀਆਂ ਹੋਈਆਂ ਸਨ।

ਧਰਨੇ ਅਤੇ ਘਿਰਾਓ ਦੀ ਚਿਤਾਵਨੀ ਤੋਂ ਪਹਿਲਾਂ ਮਿਲੀ ਮਨਜ਼ੂਰੀ
ਸੈਨੇਟ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰਵਾਉਣ ਲਈ ‘PU ਚੰਡੀਗੜ੍ਹ ਬਚਾਓ ਮੋਰਚਾ’ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ਵਿੱਚ ਧਰਨਾ ਦੇ ਰਿਹਾ ਸੀ। ਇਸ ਦੌਰਾਨ ਕਈ ਵਿਦਿਆਰਥੀ ਅਤੇ ਅਧਿਆਪਕ ਸੰਗਠਨਾਂ ਨੇ ਪ੍ਰਦਰਸ਼ਨ ਕੀਤੇ ਅਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਰੱਖਣ ਦਾ ਸੱਦਾ ਵੀ ਦਿੱਤਾ ਗਿਆ ਸੀ।
ਅੰਦੋਲਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਨਾ ਹੋਇਆ, ਤਾਂ ਉਹ 3 ਦਸੰਬਰ ਨੂੰ ਪੰਜਾਬ ਦੇ ਸਾਰੇ ਭਾਜਪਾ (BJP) ਦਫ਼ਤਰਾਂ ਦਾ ਘਿਰਾਓ ਕਰਨਗੇ। ਇਸ ਘਿਰਾਓ ਦੀ ਚਿਤਾਵਨੀ ਤੋਂ ਪਹਿਲਾਂ ਹੀ ਉਪ-ਰਾਸ਼ਟਰਪਤੀ ਦੇ ਦਫ਼ਤਰ ਨੇ ਚੋਣਾਂ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

