ਬਿਊਰੋ ਰਿਪੋਰਟ (ਚੰਡੀਗੜ੍ਹ, 25 ਅਕਤੂਬਰ 2025): ਪੰਜਾਬ ਯੂਨੀਵਰਸਿਟੀ ਵਿਖੇ 27/10/2025 ਨੂੰ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਉਲੀਕਿਆ ਗਿਆ ਸੀ ਪਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸੈਮੀਨਾਰ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਸਬੰਧੀ ਸੱਥ ਦਾ ਕਹਿਣਾ ਹੈ ਕਿ ਡੀਨ ਵਿਦਿਆਰਥੀ ਭਲਾਈ ਅਮਿਤ ਚੌਹਾਨ ( ਜੋ ਕਿ ਆਰਐਸਐਸ ਦੇ ਮੈਂਬਰ ਵੀ ਹਨ) ਵੱਲੋਂ ਇਹ ਇਹ ਕਹਿ ਕੇ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਕਿ ਸੈਮੀਨਾਰ ਵਿੱਚ ਬੁਲਾਰੇ ਦੇ ਤੌਰ ’ਤੇ ਸ਼ਾਮਿਲ ਹੋ ਰਹੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਸਰਦਾਰ ਅਜਮੇਰ ਸਿੰਘ ਇੱਕ ਵਿਵਾਦਤ ਇਨਸਾਨ ਹਨ ਜੋ ਕਿ ਲੰਮਾ ਸਮਾਂ ਅੰਡਰਗਰਾਊਂਡ ਰਹੇ ਹਨ, ਕਿ ਯੂਨੀਵਰਸਿਟੀ ਅਜਿਹੇ ਵਿਅਕਤੀ ਨੂੰ ਯੂਨੀਵਰਸਿਟੀ ਵਿੱਚ ਆਉਣ ਤੇ ਬੋਲਣ ਦੀ ਆਗਿਆ ਨਹੀਂ ਦੇ ਸਕਦੀ ਜਦ ਕਿ ਸਰਦਾਰ ਅਜਮੇਰ ਸਿੰਘ ਆਪਣਾ ਰੂਪੋਸ਼ ਜੀਵਨ ਤਿਆਗ ਕੇ ਪਿਛਲੇ 30 ਸਾਲਾਂ ਵਿੱਚ ਲੋਕਾਂ ਵਿੱਚ ਵਿਚਰ ਰਹੇ ਅਤੇ ਨਾ ਹੀ ਉਹਨਾਂ ਉੱਪਰ ਕੋਈ ਕਾਨੂੰਨੀ ਮੁਕਦਮਾ ਹੈ ਅਤੇ ਉਹ ਦੁਨੀਆ ਭਰ ਵਿੱਚ ਸਿੱਖ ਵਿਦਵਾਨਾਂ ਵਿੱਚ ਜਾਣਿਆ ਪਛਾਣਿਆ ਨਾਮ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਕੌਮਾਂਤਰੀ ਮੰਚਾਂ ਅਤੇ ਪੰਜਾਬ ਦੀਆਂ ਅਲੱਗ ਅਲੱਗ ਯੂਨੀਵਰਸਿਟੀਆਂ ਵਿੱਚ ਬੁਲਾਰੇ ਦੇ ਤੌਰ ’ਤੇ ਸੱਦਿਆ ਜਾਂਦਾ ਰਿਹਾ ਹੈ ਪਰ ਪੰਜਾਬ ਯੂਨੀਵਰਸਿਟੀ ਦਾ ਸੰਘੀ ਪ੍ਰਸ਼ਾਸਨ ਸਿੱਖੀ ਦੀ ਹਰ ਇੱਕ ਆਵਾਜ਼ ਨੂੰ ਦਬਾਉਣ ਲਈ ਪੱਬਾਂ ਭਾਰ ਹੈ।
ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਵਿਦਿਆਰਥੀ ਜਥੇਬੰਦੀ ਸੱਥ ਉੱਤੇ ਇਹ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਕੌਂਸਲ ਦੇ ਦਫਤਰ ’ਚ ਲੱਗੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫੋਟੋ ਉਤਾਰੀ ਜਾਵੇ ਪਰ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਫੋਟੋ ਉਤਾਰਨ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ। ਸੈਮੀਨਾਰ ਦੇ ਸੰਬੰਧ ਵਿੱਚ ਵਿਦਿਆਰਥੀ ਜਥੇਬੰਦੀ ਸੱਥ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਹਰ ਹਾਲ ਇਸ ਸੈਮੀਨਾਰ ਕਰਵਾ ਕੇ ਰਹੇਗੀ।

