ਕਿਸਾਨ ਮਜਦੂਰ ਸੰਘਰਸ ਕਮੇਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਕੰਗਨਾ ਰਣੌਤ ਦੇ ਵੱਜੇ ਥੱਪੜ ਦੇ ਮਾਮਲੇ ਵਿੱਚ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੁਲਵਿੰਦਰ ਕੌਰ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ ਕਿਉਕਿ ਕੰਗਣਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਗਲਤ ਸ਼ਬਦਾਵਲੀ ਵਰਤੀ ਗਈ ਸੀ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਪੰਜਾਬੀਆਂ ਬਾਰੇ ਅਤੇ ਪੰਜਾਬ ਦੀਆਂ ਔਰਤਾਂ ਬਾਰੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਸਨ, ਜਿਸ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਪੰਧੇਰ ਨੇ ਮੰਗ ਕੀਤੀ ਕਿ ਕੰਗਣਾ ਵੱਲੋਂ ਵੀ ਬਦਤਮੀਜੀ ਕੀਤੀ ਹੈ, ਉਨ੍ਹਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਾਇਜ ਨਹੀ ਠਹਿਰਾਉਂਦੇ ਪਰ ਲੋਕਾਂ ਵੱਲੋਂ ਸਮੇਂ ਸਮੇਂ ’ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਪੰਧੇਰ ਨੇ ਕੇਜੀਰਲਾਵ ‘ਤੇ ਹੋਏ ਹਮਲੇ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਤੇ ਸੁੱਟੀ ਜੁੱਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਆਪਣਾ ਗੁੱਸਾ ਕੱਢਦੇ ਹਨ। ਜੇਕਰ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ। ਇਸ ਬਾਰੇ ਮੋਰਚੇ ਵੱਲੋਂ ਵਿਚਾਰ ਕਰਕੇ ਅਗਲੀ ਰਣਨੀਤੀ ਘੜੀ ਜਾਵੇਗੀ।
ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਦਿੱਤਾ ਖ਼ਾਸ ਬਿਆਨ
ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਨੇ ਕੰਗਣਾ ਰਣੌਤ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸੇ ਦੇ ਕੋਈ ਥੱਪੜ ਐਂਵੇ ਨਹੀਂ ਮਾਰਦਾ ਥੱਪੜ ਵੱਜਣ ਦਾ ਕੋਈ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਵੱਲੋਂ ਪੰਜਾਬ ਦੀਆਂ ਔਰਤਾਂ ਪ੍ਰਤੀ ਵਰਤੀ ਗਲਤ ਸ਼ਬਦਾਵਲੀ ਕਾਰਨ ਹੀ ਕੰਗਣਾ ਨਾਲ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹ ਦਿਨ ਭੁੱਲ ਗਏ ਹਨ ਜਦੋਂ ਇਨ੍ਹਾਂ ਦੀਆਂ ਔਰਤਾਂ ਗਜਨੀ ਦੇ ਬਜ਼ਾਰ ਅੰਦਰ ਟਕੇ-ਟਕੇ ’ਤੇ ਵਿਕਦੀਆਂ ਸਨ ਪਰ ਉਸ ਸਮੇਂ ਕਦੇ ਵੀ ਕਿਸੇ ਨੇ ਅਜਿਹੀ ਭਾਸ਼ਾ ਨਹੀ ਵਰਤੀ।
ਉਨ੍ਹਾਂ ਕਿਹਾ ਕਿ ਕੰਗਣਾ ਨੂੰ ਸਮਝ ਜਾਣਾ ਚਾਹਿਦਾ ਸੀ ਕਿ ਥੱਪੜ ਵੱਜਣ ਦਾ ਕਾਰਨ ਕੀ ਸੀ ਪਰ ਪੜੀ ਲਿਖੀ ਹੋਣ ਦੇ ਬਾਵਜੂਦ ਵੀ ਉਹ ਇਸ ਨੂੰ ਸਮਝਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕੰਗਣਾ ਦੇ ਬਿਆਨ ’ਤੇ ਤੰਜ ਕੱਸਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ ਪਰ ਕੰਗਣਾ ਨੂੰ ਉਹ ਪੰਜਾਬ ਵਿੱਚ ਖਾੜਕੂਵਾਦ ਉਭਰਦਾ ਦਿਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਔਰਤ ਦੇ ਮਨ ਵਿੱਚ ਸਿੱਖਾਂ ਲਈ ਨਫਰਤ ਭਰੀ ਹੋਈ ਹੈ, ਇਹ ਕਿਸੇ ਵੀ ਸਿੱਖ ਨੂੰ ਦੇਖਣਾ ਨਹੀਂ ਚਾਹੁੰਦੀ। ਇਹ ਗਲਤੀ ਕਰਕੇ ਸ਼ਜਾ ਭੁਗਤ ਦੀ ਹੈ ਪਰ ਗਲਤ ਫਿਰ ਪੰਜਾਬੀਆਂ ਨੂੰ ਕਹਿੰਦੀ ਹੈ। ਇਸ ਮੌਕੇ ਭਾਈ ਸਾਹਬ ਨੇ ਕਿਹਾ ਕਿ ਕੰਗਣਾ ਨੂੰ ਪੁੱਛਣਾ ਚਾਹਿਦਾ ਸੀ ਕਿ ਉਸ ਦੇ ਥੱਪੜ ਕਿਉਂ ਮਾਰਿਆ ਹੈ ਜਾਂ ਫਿਰ ਉਸ ਨੂੰ ਅਦਾਲਤ ਜਾਣਾ ਚਾਹਿਦਾ ਸੀ ਪਰ ਉਸ ਨੇ ਸਮੁੱਚੇ ਪੰਜਾਬੀਆਂ ਪ੍ਰਤੀ ਅਜਿਹੀ ਟਿੱਪਣੀ ਕਿਉਂ ਕੀਤੀ।
ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਦੇਸ਼ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ ਪਰ ਹੁਣ ਕੰਗਣਾ ਨੂੰ ਦੇਸ਼ ਦੀ ਸੁਰੱਖਿਆ ਕਰਨ ਵਾਲੇ ਵੀ ਖਾੜਕੂ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੀਡਰ ਪੰਜਾਬ ਨੂੰ ਕਦੇ ਉੱਡਦਾ ਪੰਜਾਬ ਅਤੇ ਕਦੇ ਖਾੜਕੂਵਾਦ ਨਾਲ ਜੋੜ ਕੇ ਬਦਨਾਮ ਕਰਦੇ ਹਨ, ਪਰ ਪੰਜਾਬੀ ਹਮੇਸ਼ਾ ਦੇਸ਼ ਲਈ ਖੜ੍ਹੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਕੁਲਵਿੰਦਰ ਕੌਰ ਦਾ ਸਾਥ ਦੇਣਾ ਚਾਹਿਦਾ ਹੈ। ਉਨ੍ਹਾਂ ਨੂੰ ਕੱਲੇ ਨਹੀਂ ਪੈਣ ਦੇਣਾ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਆਪਣਾ ਗੁੱਸਾ ਕੱਢਿਆ ਹੈ।