Punjab

ਪੰਚਾਇਤ ਚੋਣਾਂ: ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖ਼ਰੀ ਦਿਨ

ਮੁਹਾਲੀ : ਪੰਜਾਬ ‘ਚ ਪੰਚਾਇਤੀ ਚੋਣਾਂ ਲਈ  ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੰਤਿਮ ਦਿਨ ਹੈ। ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਮਗਰੋਂ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਇਸ ਉਪਰੰਤ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਗਿਣਤੀ ਵੀ ਹੋਵੇਗੀ।

ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ਵਿੱਚ ਪੰਚਾਇਤੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ 27 ਤੋਂ ਅੱਜ ਤੱਕ ਦਾ ਤੈਅ ਕੀਤਾ ਗਿਆ ਸੀ। 13,229 ਪਿੰਡਾਂ ਵਿੱਚ ਸਰਪੰਚੀ ਲਈ 52,825 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀਆਂ ਭਰੀਆਂ ਹਨ । ਜਦਕਿ ਪੰਚਾਂ ਦੇ ਲਈ 1 ਲੱਖ 66 ਹਜ਼ਾਰ 338 ਉਮੀਦਵਾਰ ਮੈਦਾਨ ਵਿੱਚ ਹਨ। 15 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਜਾਵੇਗੀ।

ਪੰਜਾਬ ਵਿੱਚ ਸਰਪੰਚਾਂ ਦੇ ਲਈ 13,237 ਅਤੇ ਪੰਚ ਦੇ 83,437 ਅਹੁਦਿਆਂ ਦੇ ਲਈ ਵੋਟਿੰਗ ਹੋਵੇਗੀ । ਚੋਣ ਪ੍ਰੋਗਰਾਮ ਦੇ ਮੁਤਾਬਿਕ ਕੁੱਲ 1,33,97,922 ਰਜਿਸਟਰਡ ਵੋਟਰ ਹਨ। ਜਿੰਨਾਂ ਵਿੱਚ 70,51,722 ਪੁਰਸ਼ ਅਤੇ 63,46,008 ਔਰਤਾਂ ਹਨ । ਵੋਟਿੰਗ ਦੇ ਲਈ ਕੁੱਲ 19,110 ਮਤਦਾਨ ਕੇਂਦਰ ਬਣਾਏ ਗਏ ਹਨ।

ਪੰਜਾਬ ਵਿੱਚ ਅਜਿਹੇ ਕਈ ਪਿੰਡ ਹਨ ਜਿੱਥੇ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਹੋਇਆਂ ਹਨ । ਉੱਥੇ ਵੋਟਿੰਗ ਨਹੀਂ ਹੋਵੇਗੀ,ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਨਿਸ਼ਾਨ ਦੇ ਲੜੀਆਂ ਜਾ ਰਹੀਆਂ ਹਨ।

ਇਹ ਪੜ੍ਹੋ – ਪੰਜਾਬ-ਚੰਡੀਗੜ੍ਹ ‘ਚ ਅੱਜ ਰਾਤ ਤੋਂ ਬਦਲੇਗਾ ਮੌਸਮ: 2 ਦਿਨ ਮੀਂਹ ਪੈਣ ਦੀ ਸੰਭਾਵਨਾ