Punjab

ਪੰਚਾਇਤੀ ਚੋਣਾਂ: ਤਰਨਤਾਰਨ ’ਚ ਪੋਲਿੰਗ ਸਟੇਸ਼ਨ ਦੇ ਬਾਹਰ ਚੱਲੀ ਗੋਲ਼ੀ, ਗੁਰਦਾਸਪੁਰ ’ਚ ਹੰਗਾਮਾ

ਬਿਉਰੋ ਰਿਪੋਰਟ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਨ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ ’ਚ ਖੜ੍ਹੇ ਲੋਕਾਂ ’ਚ ਝਗੜਾ ਹੋ ਗਿਆ ਜਿਸ ਤੋਂ ਬਾਅਦ ਇਕ ਵਿਅਕਤੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਜਗਰਾਓਂ ਦੇ ਪਿੰਡ ਕੋਠੇ ਅਠਚੱਕ ਵਿੱਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਝਗੜਾ ਹੋ ਗਿਆ। ਇੱਥੇ ਬੂਥ ਦੇ ਅੰਦਰ ਅਤੇ ਬਾਹਰ ਦਿਖਾਈ ਗਈ ਵੋਟਰ ਸੂਚੀ ਵਿੱਚ ਫ਼ਰਕ ਪਾਇਆ ਗਿਆ। ਲੋਕਾਂ ਦੇ ਹੰਗਾਮੇ ਤੋਂ ਬਾਅਦ ਇੱਥੇ ਵੋਟਿੰਗ ਰੁਕ ਗਈ ਹੈ।ਪੰਚਾਇਤੀ ਚੋਣਾਂ ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਪੁਲਿਸ ਵਾਲੇ ਪਾਸੇ ਤੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਅੱਜ ਹੀ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।

ਫ਼ਿਰੋਜ਼ਪੁਰ ਦੇ ਪਿੰਡ ਲਖਮੀਰ ਵਿੱਚ ਹਾਲੇ ਤੱਕ ਰੂ ਨਹੀਂ ਹੋਈ ਵੋਟਿੰਗ ਸ਼ੁ

ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਦੇ ਪਿੰਡ ਵਾਸੀਆਂ ਨੇ ਹਾਲੇ ਤੱਕ ਵੋਟਿੰਗ ਸ਼ੁਰੂ ਨਹੀਂ ਕੀਤੀ ਹੈ। ਇੱਥੇ ਵੋਟਰ ਬੂਥ ਦੇ ਬਾਹਰ ਧਰਨੇ ’ਤੇ ਬੈਠੇ ਹਨ। ਪਿਛਲੇ ਪੰਜ ਸਾਲਾਂ ਤੋਂ ਉਹ ਆਪਣੀਆਂ 441 ਵੋਟਾਂ ਬਣਾਉਣ ਦੀ ਮੰਗ ਕਰ ਰਹੇ ਹਨ।

ਸਵੇਰੇ 8 ਵਜੇ ਤੋਂ ਪੰਚਾਇਤੀ ਚੋਣਾਂ ਜਾਰੀ

ਪੰਚਾਇਤੀ ਚੋਣਾਂ ਲਈ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਹੀ ਵੋਟਿੰਗ ਸ਼ੁਰੂ ਜਾਰੀ ਹੈ। ਸੂਬੇ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਬੈਲਟ ਪੇਪਰ ’ਤੇ NOTA ਦਾ ਵਿਕਲਪ ਵੀ ਹੈ। ਸਰਪੰਚੀ ਲਈ ਗੁਲਾਬੀ ਰੰਗ ਅਤੇ ਪੰਚੀ ਲਈ ਸਫ਼ੈਦ ਰੰਗ ਦਾ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ।

ਸਰਬਸੰਮਤੀ ਨਾਲ ਚੁਣੇ ਗਏ 3798 ਸਰਪੰਚ

ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3,798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।