International

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਜਾਣਗੇ ਆਪਣੇ ਪਹਿਲੇ ਵਿਦੇਸ਼ੀ ਦੌਰੇ ‘ਤੇ ਸ਼੍ਰੀਲੰਕਾ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਸ਼੍ਰੀਲੰਕਾ ਦੇ ਦੌਰੇ ‘ਤੇ ਜਾ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਮਰਾਨ ਖਾਨ ਨੂੰ ਉਨ੍ਹਾਂ ਦੇ ਦੇਸ਼ ਆਉਣ ਦਾ ਸੱਦਾ ਦਿੱਤਾ ਹੈ। ਇਮਰਾਨ ਖਾਨ ਦਾ ਇਹ ਸਾਲ ਦਾ ਪਹਿਲਾ ਵਿਦੇਸ਼ੀ ਦੌਰਾ ਹੈ।

ਇਸ ਦੌਰੇ ਦੌਰਾਨ ਇਮਰਾਨ ਖਾਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਭਾਇਆ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉੱਚ ਪੱਧਰੀ ਬੈਠਕ ਹੋਵੇਗੀ। ਇਮਰਾਨ ਖਾਨ ਬਿਜ਼ਨੈੱਸ ਅਤੇ ਨਿਵੇਸ਼ ਫੋਰਮ ਦੀ ਬੈਠਕ ਵਿੱਚ ਵੀ ਸ਼ਾਮਿਲ ਹੋਣਗੇ। ਦੋਵਾਂ ਦੇਸ਼ਾਂ ਵਿਚਾਲੇ ਕਈ ਐੱਮਓਯੂ ‘ਤੇ ਵੀ ਦਸਤਖਤ ਹੋਣਗੇ।

ਸ਼੍ਰੀਲੰਕਾ ਦੇ ਪ੍ਰਧਾਨਮੰਤਰੀ ਮਹਿੰਦਾ ਰਾਜਪਕਸ਼ੇ ਨੇ ਟਵੀਟ ਕਰਕੇ ਇਮਰਾਨ ਖਾਨ ਦਾ ਸਵਾਗਤ ਕਰਦਿਆਂ ਲਿਖਿਆ ਕਿ ‘ਸ਼੍ਰੀਲੰਕਾ ਅਗਲੇ ਹਫਤੇ ਇਮਰਾਨ ਖਾਨ ਦੇ ਸਵਾਗਤ ਦੇ ਲਈ ਤਿਆਰ ਹੈ। ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।’