International

ਪਾਕਿਸਤਾਨ ਦੇ ਖੈਬਰ ਸੂਬੇ ਦੇ ਮੁੱਖ ਮੰਤਰੀ ਦੀ ਕੁੱਟਮਾਰ: ਫੌਜ ਦੇ ਹੁਕਮਾਂ ‘ਤੇ ਪੁਲਿਸ ਨੇ ਲੱਤਾਂ ਅਤੇ ਮੁੱਕੇ ਮਾਰੇ

ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਸਿਆਸੀ ਤਣਾਅ ਸਿਖਰੇ ਚੜ੍ਹ ਗਿਆ ਹੈ। ਵੀਰਵਾਰ ਨੂੰ ਖ਼ੈਬਰ-ਪਖ਼ਤੂਨਖ਼ਵਾ (ਕੇਪੀ) ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ (ਸੋਹੇਲ ਅਫ਼ਰੀਦੀ ਨਹੀਂ) ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਬਾਹਰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਸੜਕ ’ਤੇ ਘਸੀਟ ਕੇ ਗ੍ਰਿਫ਼ਤਾਰ ਕਰ ਲਿਆ।

ਉਹ ਇਮਰਾਨ ਖ਼ਾਨ ਨੂੰ ਮਿਲਣ ਤੇ ਉਸ ਦੀ ਸਿਹਤ ਦੀ ਜਾਣਕਾਰੀ ਲੈਣ ਗਏ ਸਨ। ਪੀਟੀਆਈ ਨੇ ਇਸ ਨੂੰ “ਲੋਕਤੰਤਰ ’ਤੇ ਖੁੱਲ੍ਹਾ ਹਮਲਾ” ਕਰਾਰ ਦਿੱਤਾ ਹੈ।ਇਮਰਾਨ ਖ਼ਾਨ ਅਗਸਤ 2023 ਤੋਂ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਪਿਛਲੇ ਛੇ ਹਫ਼ਤਿਆਂ ਤੋਂ ਉਨ੍ਹਾਂ ਨੂੰ “ਮੌਤ ਦੀ ਕੋਠਰੀ” (ਡੈੱਥ ਸੈੱਲ) ਵਿੱਚ ਇਕੱਲੇ ਰੱਖਿਆ ਗਿਆ ਹੈ। ਪਰਿਵਾਰ, ਵਕੀਲਾਂ ਤੇ ਪਾਰਟੀ ਆਗੂਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਇਮਰਾਨ ਦੇ ਪੁੱਤਰ ਕਾਸਿਮ ਖ਼ਾਨ ਨੇ ਕਿਹਾ ਕਿ “845 ਦਿਨਾਂ ਤੋਂ ਪਿਤਾ ਜੇਲ੍ਹ ਵਿੱਚ ਹਨ, ਪਰ ਪਿਛਲੇ ਛੇ ਹਫ਼ਤਿਆਂ ਤੋਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ। ਸਾਨੂੰ ਨਹੀਂ ਪਤਾ ਉਹ ਜਿਊਂਦੇ ਵੀ ਹਨ ਜਾਂ ਨਹੀਂ।”ਇਮਰਾਨ ਦੀ ਭੈਣ ਨੂਰੀਨ ਨਿਆਜ਼ੀ ਨੇ ਦੱਸਿਆ ਕਿ “ਪਰਿਵਾਰ ਵਿੱਚ ਡਰ ਦਾ ਮਾਹੌਲ ਹੈ। ਭਾਰਤ ਤੱਕ ਖ਼ਬਰਾਂ ਆਈਆਂ ਕਿ ਇਮਰਾਨ ਨੂੰ ਮਾਰ ਦਿੱਤਾ ਗਿਆ ਹੈ। ਅਸੀਂ ਉਸ ਦੀ ਹਾਲਤ ਬਾਰੇ ਕੁਝ ਨਹੀਂ ਜਾਣਦੇ।”

ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਨੂੰ ਪਰਿਵਾਰ ਨੂੰ ਰੋਕਣ ਦੇ ਸਪੱਸ਼ਟ ਹੁਕਮ ਮਿਲੇ ਹੋਏ ਹਨ। ਪੀਟੀਆਈ ਨੇ ਦੋਸ਼ ਲਾਇਆ ਕਿ ਸਰਕਾਰ ਇਮਰਾਨ ਖ਼ਾਨ ਦੀ ਅਸਲ ਸਿਹਤ ਛੁਪਾ ਰਹੀ ਹੈ। ਪਾਰਟੀ ਨੇ ਚੇਤਾਵਨੀ ਦਿੱਤੀ: “ਜੇਕਰ ਇਮਰਾਨ ਖ਼ਾਨ ਨੂੰ ਕੁਝ ਹੋਇਆ ਤਾਂ ਸਰਕਾਰ ਤੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।

”ਕੇਪੀ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਜਾਣਕਾਰੀ ਨਾ ਦਿੱਤੀ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰਨਗੇ। ਉਨ੍ਹਾਂ ਨੇ ਫੌਜ ਮੁਖੀ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਵਿਗੜਦੇ ਹਾਲਾਤ ਲਈ ਉਹ ਜ਼ਿੰਮੇਵਾਰ ਹਨ।ਅਫ਼ਵਾਹਾਂ ਦੀ ਸ਼ੁਰੂਆਤ ਮੰਗਲਵਾਰ ਤੋਂ ਹੋਈ ਜਦੋਂ ਪੀਟੀਆਈ ਵਰਕਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਬੁੱਧਵਾਰ ਤੋਂ “ਇਮਰਾਨ ਖ਼ਾਨ ਕਿੱਥੇ ਹੈ?” ਟ੍ਰੈਂਡ ਕਰਨ ਰਿਹਾ ਹੈ।

ਵੀਰਵਾਰ ਨੂੰ ਹਜ਼ਾਰਾਂ ਸਮਰਥਕ ਜੇਲ੍ਹ ਬਾਹਰ ਇਕੱਠੇ ਹੋ ਗਏ, ਜਿਸ ਮਗਰੋਂ ਪੁਲਿਸ ਨੇ ਸਖ਼ਤੀ ਵਰਤੀ।ਜੇਲ੍ਹ ਪ੍ਰਸ਼ਾਸਨ ਨੇ ਹੁਣ ਕਿਹਾ ਹੈ ਕਿ ਇਮਰਾਨ ਦੀ ਸਿਹਤ ਠੀਕ ਹੈ, ਪਰ ਪੀਟੀਆਈ ਤੇ ਪਰਿਵਾਰ ਨੇ ਮੁਲਾਕਾਤ ਤੇ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਹੈ। ਪਾਕਿਸਤਾਨ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।