ਬਿਉਰੋ ਰਿਪੋਰਟ: ਸੀਮਾ ਸੁਰੱਖਿਆ ਬਲ (BSF) ਨੇ ਬੀਤੀ ਰਾਤ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਜ਼ਿਲੇ ਵਿੱਚ ਇਕ ਘੁਸਪੈਠੀਏ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਅੱਧੀ ਰਾਤ ਨੂੰ ਫੜਿਆ ਗਿਆ ਘੁਸਪੈਠੀਆ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ।
ਬੀਐਸਐਫ ਦੇ ਜਵਾਨਾਂ ਨੇ ਬੜੀ ਚੌਕਸੀ ਨਾਲ ਉਸ ਨੂੰ ਘੇਰ ਲਿਆ ਅਤੇ ਬਿਨਾਂ ਕਿਸੇ ਨੁਕਸਾਨ ਦੇ ਉਸ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਬੀਐਸਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਦੇ ਨਾਲ ਲੱਗਦੇ ਇਲਾਕੇ ਵਿੱਚ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜਿਆ ਗਿਆ ਘੁਸਪੈਠੀਆ ਰਾਤ ਕਰੀਬ 12:15 ਵਜੇ ਸਰਹੱਦੀ ਸੁਰੱਖਿਆ ਵਾੜ ਨੇੜੇ ਪਹੁੰਚਿਆ ਸੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਖ਼ੁਦ ਨੂੰ ਪਾਕਿਸਤਾਨੀ ਨਾਗਰਿਕ ਦੱਸਿਆ।
ਇਲੈਕਟ੍ਰਾਨਿਕ ਯੰਤਰ ਕੀਤੇ ਜ਼ਬਤ
ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 1 ਮੋਬਾਈਲ ਫ਼ੋਨ, 1 ਪਾਕਿਸਤਾਨੀ ਰਾਸ਼ਟਰੀ ਪਛਾਣ ਪੱਤਰ, 1 ਪੈਨਡ੍ਰਾਈਵ ਅਤੇ 175 ਰੁਪਏ ਦੀ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਬੀਐਸਐਫ ਅਤੇ ਭਾਈਵਾਲ ਏਜੰਸੀਆਂ ਦੁਆਰਾ ਮੁੱਢਲੀ ਪੁੱਛਗਿੱਛ ਤੋਂ ਬਾਅਦ, ਪਾਕਿ ਘੁਸਪੈਠੀਏ ਨੂੰ ਅਗਲੀ ਜਾਂਚ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਜਾਂਚ ਦੌਰਾਨ ਆਈਬੀ ਨੂੰ ਪਾਰ ਕਰਨ ਦੇ ਉਸਦੇ ਇਰਾਦੇ ਜਾਂ ਮਕਸਦ ਦਾ ਪਤਾ ਲਾਇਆ ਜਾਵੇਗਾ।
3 ਦਿਨ ਪਹਿਲਾਂ ਵੀ ਫੜਿਆ ਗਿਆ ਸੀ ਇੱਕ ਪਾਕਿਸਤਾਨੀ ਨਾਗਰਿਕ
ਇੱਕ ਹਫ਼ਤੇ ਵਿੱਚ ਅੰਮ੍ਰਿਤਸਰ ਸਰਹੱਦ ਤੋਂ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ। 23 ਜੁਲਾਈ ਨੂੰ ਹੀ ਬੀਐਸਐਫ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ ਸੀ। ਪਠਾਨਕੋਟ ’ਚ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਤੋਂ ਬਾਅਦ ਅੰਮ੍ਰਿਤਸਰ ਸਰਹੱਦ ’ਤੇ ਵੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਕਾਰਨ ਬੀਐਸਐਫ ਨੇ ਚੌਕਸੀ ਵਧਾ ਦਿੱਤੀ ਹੈ।