ਬਿਊਰੋ ਰਿਪੋਰਟ (1 ਅਕਤੂਬਰ, 2025): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਸਰਕਾਰ ਵਿਰੁੱਧ ਹਿੰਸਕ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਨਿਹੱਥੇ ਲੋਕਾਂ ’ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਅੱਜ ਬਾਗ਼ ਜ਼ਿਲ੍ਹੇ ਦੇ ਧੀਰਕੋਟ ਵਿੱਚ 4 ਲੋਕਾਂ ਦੀ ਮੌਤ ਹੋਈ, ਮੁਜ਼ਫ਼ਰਾਬਾਦ ਵਿੱਚ 2 ਅਤੇ ਮੀਰਪੁਰ ਵਿੱਚ ਵੀ 2 ਲੋਕ ਮਾਰੇ ਗਏ।
ਇਹ ਪ੍ਰਦਰਸ਼ਨ ਜੰਮੂ-ਕਸ਼ਮੀਰ ਜੌਇੰਟ ਅਵਾਮੀ ਐਕਸ਼ਨ ਕਮੇਟੀ (JKJAAC) ਦੀ ਅਪੀਲ ’ਤੇ ਹੋ ਰਹੇ ਹਨ। ਪ੍ਰਦਰਸ਼ਨਕਾਰੀ ਸਰਕਾਰ ’ਤੇ ਮੂਲ ਅਧਿਕਾਰਾਂ ਦੀ ਅਣਦੇਖੀ ਕਰਨ ਅਤੇ ਮਹਿੰਗਾਈ ’ਤੇ ਕਾਬੂ ਨਾ ਪਾਉਣ ਦੇ ਇਲਜ਼ਾਮ ਲਗਾ ਰਹੇ ਹਨ।
ਲੋਕਾਂ ਦਾ ਇਕ ਵੱਡਾ ਜਥਾ ਅੱਜ PoK ਦੀ ਰਾਜਧਾਨੀ ਮੁਜ਼ਫ਼ਰਾਬਾਦ ਵੱਲ ਮਾਰਚ ਕਰ ਰਿਹਾ ਹੈ। ਇਨ੍ਹਾਂ ਨੇ ਸਰਕਾਰ ਅੱਗੇ 38 ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ PoK ਵਿਧਾਨ ਸਭਾ ਦੀਆਂ 12 ਰਿਜ਼ਰਵ ਸੀਟਾਂ ਖ਼ਤਮ ਕਰਨ ਦੀ ਮੰਗ ਵੀ ਸ਼ਾਮਲ ਹੈ।
ਮੁੱਖ ਮੰਗਾਂ:
- ਪਾਕਿਸਤਾਨ ਵਿੱਚ ਰਹਿੰਦੇ ਕਸ਼ਮੀਰੀ ਸ਼ਰਨਾਰਥੀਆਂ ਲਈ ਬਣੀਆਂ PoK ਵਿਧਾਨ ਸਭਾ ਦੀਆਂ 12 ਰਿਜ਼ਰਵ ਸੀਟਾਂ ਖ਼ਤਮ ਕੀਤੀਆਂ ਜਾਣ।
- ਬਿਜਲੀ ਪ੍ਰੋਜੈਕਟਾਂ ਵਿੱਚ ਸਥਾਨਕ ਲੋਕਾਂ ਨੂੰ ਫ਼ਾਇਦਾ ਦਿੱਤਾ ਜਾਵੇ।
- ਆਟੇ ਅਤੇ ਬਿਜਲੀ ਦੇ ਬਿਲਾਂ ’ਤੇ ਛੂਟ ਦਿੱਤੀ ਜਾਵੇ ਕਿਉਂਕਿ ਮਹਿੰਗਾਈ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ।