International

ਬਦਹਾਲ ਪਾਕਿਸਤਾਨ, ਹੁਣ ਇਸ ਤਰ੍ਹਾਂ ਦੁਨੀਆ ਤੋਂ ਵੀ ਪੂਰੀ ਤਰ੍ਹਾਂ ਅਲੱਗ ਹੋ ਜਾਵੇਗਾ !

‘ਦ ਖ਼ਾਲਸ ਬਿਊਰੋ : ਪਾਕਿਸਤਾਨ ‘ਚ ਟੈਲੀਕਾਮ ਆਪਰੇਟਰਾਂ ਨੇ ਦੇਸ਼ ਭਰ ‘ਚ ਲੰਬੇ ਸਮੇਂ ਤੋਂ ਬਿਜਲੀ ਬੰਦ ਰਹਿਣ ਕਾਰਨ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੇ ਕੰਮਕਾਜ ‘ਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ। ਨੈਸ਼ਨਲ ਬੋਰਡ ਆਫ ਇਨਫਰਮੇਸ਼ਨ ਟੈਕਨਾਲੋਜੀ ਨੇ ਟਵਿੱਟਰ ‘ਤੇ ਇਸਦੀ ਜਾਣਕਾਰੀ ਦਿੱਤੀ ਹੈ।

ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਜੁਲਾਈ ‘ਚ ਲੋਡ ਸ਼ੈਡਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਲੋੜੀਂਦੀ ਤਰਲ ਕੁਦਰਤੀ ਗੈਸ ਦੀ ਸਪਲਾਈ ਨਹੀਂ ਮਿਲ ਸਕੀ ਭਾਵੇਂ ਕਿ ਗਠਜੋੜ ਸਰਕਾਰ ਸੌਦੇ ਨੂੰ ਸੰਭਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ ਦੇ ਮਾਸਿਕ ਈਂਧਨ ਤੇਲ ਦੀ ਦਰਾਮਦ ਜੂਨ ਵਿੱਚ ਚਾਰ ਸਾਲਾਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈ। ਸੂਤਰਾਂ ਅਨੁਸਾਰ ਦੇਸ਼ ਬਿਜਲੀ ਉਤਪਾਦਨ ਲਈ ਐਲਐਨਜੀ ਖਰੀਦਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਨਾਲ ਮੰਗ ਵੱਧ ਰਹੀ ਹੈ।

ਦਰਅਸਲ ਪਾਕਿਸਤਾਨ ਅਗਲੇ ਮਹੀਨੇ ਕੁਦਰਤੀ ਗੈਸ ਦੀ ਸਪਲਾਈ ਲਈ ਸਮਝੌਤੇ ‘ਤੇ ਸਹਿਮਤ ਹੋਣ ਵਿੱਚ ਅਸਫਲ ਰਹਿਣ ਤੋਂ ਬਾਅਦ ਆਪਣੇ ਹੀ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ । ਜੁਲਾਈ ਲਈ ਟੈਂਡਰ ਉੱਚ ਕੀਮਤਾਂ ਅਤੇ ਘੱਟ ਭਾਗੀਦਾਰੀ ਦੇ ਕਾਰਨ ਰੱਦ ਕਰ ਦਿੱਤੇ ਗਏ ਸਨ ਕਿਉਂਕਿ ਦੇਸ਼ ਪਹਿਲਾਂ ਹੀ ਵਿਆਪਕ ਬਲੈਕਆਊਟ ਨਾਲ ਨਜਿੱਠਣ ਲਈ ਕਾਰਵਾਈ ਕਰ ਰਿਹਾ ਹੈ। ਪਾਕਿਸਤਾਨ ਦੀ ਸਰਕਾਰ ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਨ, ਸਰਕਾਰੀ ਕਰਮਚਾਰੀਆਂ ਲਈ ਕੰਮ ਦੇ ਘੰਟੇ ਘਟਾਉਣ ਅਤੇ ਕਰਾਚੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਫੈਕਟਰੀਆਂ, ਸ਼ਾਪਿੰਗ ਮਾਲਾਂ ਨੂੰ ਜਲਦੀ ਬੰਦ ਕਰਨ ਦਾ ਆਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਅੱਠ ਜੂਨ ਨੂੰ ਪਾਕਿਸਤਾਨ ਸਰਕਾਰ ਨੇ ਬਿਜਲੀ ਦੀ ਚੱਲ ਰਹੀ ਕਿੱਲਤ ਅਤੇ ਵਿਗੜ ਰਹੇ ਬਿਜਲੀ ਕੱਟਾਂ ਦੇ ਵਿਚਕਾਰ ਰਾਤ 10 ਵਜੇ ਤੋਂ ਬਾਅਦ ਵਿਆਹ ਸਮਾਗਮਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਹੁਕਮਾਂ ਮੁਤਾਬਕ ਸਮਾਗਮਾਂ ਵਿੱਚ ਵਰਤਾਏ ਜਾਣ ਵਾਲੇ ਪਕਵਾਨਾਂ ਦੀ ਗਿਣਤੀ ਨੂੰ ਘਟਾਉਣ ਦੇ ਹੁਕਮ ਦਿੱਤੇ ਗਏ ਸਨ।

ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਸੀ ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਇਆ ਹੈ। ਪਾਕਿਸਤਾਨ ਦੀ ਜਨਤਾ ਜੋ ਵੱਧਦੀ ਮਹਿੰਗਾਈ ਅਤੇ ਵਿਗੜਦੀ ਆਰਥਿਕਤਾ ਦੇ ਬੋਝ ਹੇਠ ਦੱਬੀ ਹੋਈ ਹੈ, ਬਿਜਲੀ ਦੀਆਂ ਬੁਨਿਆਦੀ ਦਰਾਂ ਵਿੱਚ 7.9 ਰੁਪਏ ਪ੍ਰਤੀ ਯੂਨਿਟ ਦੇ ਵਾਧੇ ਨਾਲ ਹੈਰਾਨ ਹੈ।

ਮੌਜੂਦਾ ਸਮੇਂ ਮੂਲ ਬਿਜਲੀ ਦਰਾਂ 16.91 ਰੁਪਏ ਪ੍ਰਤੀ ਯੂਨਿਟ ਹੈ। ਪਾਕਿਸਤਾਨ ਦੇ ਪੇਂਡੂ ਖੇਤਰਾਂ ਵਿੱਚ 12 ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ। ਇਸ ਤੋਂ ਇਲਾਵਾ ਲਾਹੌਰ ਇਲੈੱਕਟ੍ਰਿਕ ਸਪਲਾਈ ਕੰਪਨੀ ਦੀ ਬਿਜਲੀ ਦੀ ਘਾਟ 800 ਮੈਗਾਵਾਟ ਤੱਕ ਪਹੁੰਚ ਗਈ ਹੈ। ਈਂਧਨ ਦੀ ਕਮੀ ਅਤੇ ਹੋਰ ਤਕਨੀਕੀ ਖਰਾਬੀਆਂ ਕਾਰਨ ਪਾਕਿਸਤਾਨ ਦੇ ਕਈ ਪਾਵਰ ਪਲਾਂਟ ਬੰਦ ਹੋਣ ਕਰਕੇ ਬਿਜਲੀ ਦੀ ਕਮੀ ਹੋ ਗਈ ਹੈ, ਜਿਸ ਕਰਕੇ ਬਿਜਲੀ ਬੰਦ ਹੋ ਗਈ ਹੈ।