Punjab

ਪਾਕਿਸਤਾਨ ਨੇ ਜੰਮੂ ਕਸ਼ਮੀਰ ਕੰਟਰੋਲ ਰੇਖਾ ‘ਤੇ ਗੋਲੀਬੰਦੀ ਦੀ ਕੀਤੀ ਉਲੰਘਣਾ, BSF ਦਾ ਸਬ-ਇੰਸਪੈਕਟਰ ਸ਼ਹੀਦ

‘ਦ ਖ਼ਾਲਸ ਬਿਊਰੋ :- ਜੰਮੂ ਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੀਤੀ ਫਾਇਰਿੰਗ ਦੌਰਾਨ BSF ਦਾ ਸਬ-ਇੰਸਪੈਕਟਰ ਸ਼ਹੀਦ ਅਤੇ ਇੱਕ ਹੋਰ ਜਵਾਨ ਜ਼ਖ਼ਮੀ ਹੋ ਗਿਆ। ਸ਼ਹੀਦ ਦੀ ਪਛਾਣ ਉੱਤਰਾਖੰਡ ਵਾਸੀ ਸਬ-ਇੰਸਪੈਕਟਰ ਰਾਕੇਸ਼ ਡੋਵਾਲ ਵਜੋਂ ਦੱਸੀ ਗਈ ਹੈ। ਜੋ BSF ਦੀ ਆਰਟਿਲਰੀ ਬੈਟਰੀ ਵਿੱਚ ਤਾਇਨਾਤ ਸੀ।

ਬਾਰਾਮੁੱਲਾ ਵਿੱਚ LOC ’ਤੇ ਦੁਪਹਿਰੇ ਸਵਾ ਇੱਕ ਵਜੇ ਦੇ ਕਰੀਬ ਸਰਹੱਦ ਪਾਰੋਂ ਹੋਈ ਫਾਇਰਿੰਗ ਦੌਰਾਨ ਇੱਕ ਗੋਲੀ ਡੋਵਾਲ ਦੇ ਸਿਰ ਵਿੱਚ ਜਾ ਲੱਗੀ, ਇਸ ਦੌਰਾਨ ਕਾਂਸਟੇਬਲ ਵਾਸੂ ਰਾਜਾ ਬਾਹਾਂ ਤੇ ਗੱਲਾਂ ’ਤੇ ਛੱਰੇ ਵੱਜਣ ਕਰਕੇ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਉਸ ਦੀ ਹਾਲਤ ਸਥਿਰ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਹੱਦ ਪਾਰੋਂ ਗੋਲੀਬਾਰੀ ਜਾਰੀ ਸੀ, ਜਿਸ ਦਾ BSF ਵੱਲੋਂ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਸੀ।

ਪਾਕਿ ਵੱਲੋਂ ਕੰਟਰੋਲ ਰੇਖਾ ਦੇ ਨਾਲ ਤਿੰਨ ਸੈਕਟਰਾਂ ’ਚ ਗੋਲੀਬੰਦੀ ਦੀ ਉਲੰਘਣਾ

ਪਾਕਿਸਤਾਨੀ ਫੌਜਾਂ ਨੇ ਅੱਜ ਜੰਮੂ ਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਤਿੰਨ ਥਾਵਾਂ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ। ਗੋਲੀਬੰਦੀ ਦੀ ਪਹਿਲੀ ਊਲੰਘਣਾ 12 ਵਜੇ ਦੇ ਕਰੀਬ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਇਜ਼ਮਾਰਗ ਵਿੱਚ ਕੀਤੀ ਗਈ। ਇਸ ਤੋਂ ਕੁੱਝ ਮਿੰਟਾਂ ਮਗਰੋਂ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿੱਚ ਸਰਹੱਦ ਪਾਰੋਂ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਫੌਜਾਂ ਨੇ ਬਾਰਾਮੁੱਲਾ ਜ਼ਿਲ੍ਹੇ ਦੇ ਉੜੀ ਸੈਕਟਰ ਵਿੱਚ ਵੀ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਹਾਲ ਦੀ ਘੜੀ ਭਾਰਤ ਵਾਲੇ ਪਾਸੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਭਾਰਤੀ ਫੌਜ ਨੇ ਤਿੰਨੇ ਸੈਕਟਰਾਂ ਵਿੱਚ ਗੋਲੀਬਾਰੀ ਦਾ ਮੂੰਹ ਤੋਤੜਾਂ ਜਵਾਬ ਦਿੱਤਾ।