International

ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਿਲੇਗੀ ਮਾਨਤਾ; ਪਾਕਿਸਤਾਨ ਸਰਕਾਰ ਨੇ ਲਿਆ ਵੱਡਾ ਫੈਸਲਾ

Pakistan: Sikhs will be recognized as a separate nation

ਪਾਕਿਸਤਾਨ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੇਗੀ। ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਕੌਮ ਮੰਨਿਆ ਜਾਵੇਗਾ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ।

ਦੱਸ ਦੇਈਏ ਕਿ ਹੁਣ ਤੱਕ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਂ ਹੇਠ ਇੱਕ ਕਾਲਮ ਵਿਚ ਹੁੰਦੀ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ। ਇਸੇ ਕਾਰਨ ਮੁੱਢਲੇ ਅਧਿਕਾਰਾਂ, ਸਿਆਸਤ ਵਿਚ ਪ੍ਰਤੀਨਿਧਤਾ ਅਤੇ ਸਿਵਲ ਸੇਵਾਵਾਂ ਵਿੱਚ ਰਾਖ਼ਵੇਂ ਕੋਟੇ ਲਈ ਅਨੁਮਾਨਿਤ ਅੰਕੜੇ ਹੀ ਵਰਤੇ ਜਾਂਦੇ ਸਨ, ਜਿਸ ਕਾਰਨ ਸਿੱਖਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਇਹ ਹੱਕ 5 ਸਾਲ ਦੀ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਮਾਰਚ 2017 ਵਿੱਚ ਖੈਬਰ-ਪਖ਼ਤੂਨਵਾ ਸੂਬੇ ਦੇ ਸਿੱਖਾਂ; ਬਾਬਾ ਗੁਰਪਾਲ ਸਿੰਘ, ਚਰਨਜੀਤ ਸਿੰਘ, ਹੀਰਾ ਸਿੰਘ ਤੇ ਹੋਰਨਾਂ ਵੱਲੋਂ ਪਿਸ਼ਾਵਰ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ਵਕੀਲ ਸ਼ਾਹਿਦ ਰਾਜਾ ਮਲਿਕ ਦੇ ਰਾਹੀਂ ਦਾਇਰ ਕੀਤੀ ਸੀ ਅਤੇ ਅਦਾਲਤ ਨੇ ਇਸ ਦਾ ਫੈਸਲਾ ਸਿੱਖਾਂ ਦੇ ਹੱਕ ਵਿੱਚ ਦਿੱਤਾ ਸੀ ਪਰ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਸੀ।

ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਚਲਾ ਗਿਆ ਸੀ ਜਿੱਥੇ ਉਨ੍ਹਾਂ ਦਲੀਲ ਦਿੱਤੀ ਸੀ ਕਿ ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਮੁਸਲਿਮ, ਈਸਾਈ, ਹਿੰਦੂ, ਅਹਿਮਦੀਆ ਅਤੇ ਹੋਰ ਅਨੁਸੂਚਿਤ ਜਾਤਾਂ ਨੂੰ ਵੱਖਰੇ ਭਾਈਚਾਰੇ ਵਜੋਂ ਦਰਜ ਕੀਤਾ ਜਾਂਦਾ ਹੈ ਅਤੇ ਮਰਦਮਸ਼ੁਮਾਰੀ ਫਾਰਮ ਵਿੱਚ ਇਨ੍ਹਾਂ ਵਾਸਤੇ ਵੱਖਰੇ ਕਾਲਮ ਬਣੇ ਹੋਏ ਹਨ ਪਰ ਸਿੱਖ ਧਰਮ ਦੇ ਲੋਕਾਂ ਦੀ ਵੱਖਰੀ ਗਿਣਤੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਵੱਖਰਾ ਖਾਨਾ ਬਣਾਇਆ ਗਿਆ ਹੈ।

ਇਸ ਮਾਮਲੇ ਵਿਚ ਅਕਤੂਬਰ 2018 ਵਿਚ ਸੁਪਰੀਮ ਕੋਰਟ ਵੱਲੋਂ ਪਾਕਿਸਤਾਨ ਅੰਕੜਾ ਬਿਊਰੋ ਦੇ ਚੀਫ ਕਮਿਸ਼ਨਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਮਰਦਮਸ਼ੁਮਾਰੀ ਵੇਲੇ ਸਿੱਖ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਮਰਦਮਸ਼ੁਮਾਰੀ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ। ਪਰ ਉਸ ਵੇਲੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਇਸ ਲਈ ਫਾਰਮ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਸੀ। ਪਰ ਹੁਣ ਭਵਿੱਖ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖ ਭਾਈਚਾਰੇ ਲਈ ਵੱਖਰਾ ਕਾਲਮ ਹੋਵੇਗਾ।