ਬਿਊਰੋ ਰਿਪੋਰਟ : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਪੁਲਿਸ ਲਾਇਨ ਵਿੱਚ ਬਣੀ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ ਹੈ । ਇਸ ਨੂੰ ਫਿਦਾਈਨ ਹਮਲਾ ਦੱਸਿਆ ਜਾ ਰਿਹਾ ਹੈ । ਲੋਕਲ ਮੀਡੀਆ ਨਿਊਜ਼ ਦੇ ਮੁਤਾਬਿਕ ਹੁਣ ਤੱਕ 30 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ । 158 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 100 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਇਸ ਤਸ਼ਮਦੀਦ ਨੇ ਦੱਸਿਆ ਕੀ ਨਮਾਜ਼ ਦੇ ਵਕਤ ਮਸਜਿਦ ਵਿੱਚ 550 ਦੇ ਕਰੀਬ ਲੋਕ ਮੌਜੂਦ ਸਨ । ਫਿਦਾਈਨ ਹਮਲਾਵਰ ਵੀ ਲਾਈਨ ਵਿੱਚ ਮੌਜ਼ੂਦ ਸਨ । ਇਹ ਸਾਫ ਨਹੀਂ ਹੋ ਸਕਿਆ ਹੈ ਕੀ ਪੁਲਿਸ ਲਾਈਨ ਵਿੱਚ ਉਹ ਪਹੁੰਚੇ ਕਿਵੇਂ। ਕਿਉਂਕਿ ਅੰਦਰ ਆਉਣ ਦੇ ਲਈ ਗੇਟ ਪਾਸ ਵਿਖਾਉਣਾ ਪੈਂਦਾ ਹੈ । ਪੁਲਿਸ ਨੇ ਦੱਸਿਆ ਕੀ ਮਸਜਿਦ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ।
TTP ਨੇ ਲਈ ਜ਼ਿੰਮੇਵਾਰੀ
ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਦੇ ਮੁਤਾਬਿਕ ਤਹਰੀਕ-ਏ-ਤਾਲੀਬਾਨ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ । ਹਮਲੇ ਦੇ ਬਾਅਦ ਪਾਕਿਸਤਾਨ ਫੌਜ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਹੈ । ਪੁਲਿਸ ਲਾਈਨ ਵਿੱਚ ਮੌਜੂਦ ਲੋਕਾਂ ਦਾ ਕਹਿਣਾ ਹੈ ਕੀ ਬਲਾਸਟ ਕਾਫੀ ਤਾਕਤਵਰ ਸੀ ਅਤੇ ਇਸ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣੀ ਗਈ । ਇਸ ਇਲਾਕੇ ਵਿੱਚ ਤਹਰੀਕ-ਏ-ਤਾਲੀਬਾਨ ਪਾਕਿਸਤਾਨ ਦਾ ਖਾਸ ਦਬਦਬਾ ਹੈ । ਪਿਛਲੇ ਦਿਨਾਂ ਦੌਰਾਨ ਇਸੇ ਜਥੇਬੰਦੀ ਨੇ ਇੱਥੇ ਹਮਲੇ ਦੀ ਧਮਕੀ ਦਿੱਤੀ ਸੀ । ਘਟਨਾ ਦੇ ਬਾਅਦ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਮੌਜੂਦ ਹਨ । ਜਿੰਨਾ ਵਿੱਚ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ।
ਖੂਨ ਦਾਨ ਕਰਨ ਦੀ ਅਪੀਲ
ਸਾਰੇ ਜ਼ਖਮੀਆਂ ਨੂੰ ਪੇਸ਼ਾਵਰ ਦੇ ਲੇਡੀ ਹਾਡਿੰਗ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਆਮ ਲੋਕ ਜਿੰਨਾਂ ਹੋ ਸਕੇ,ਉਨ੍ਹੀ ਜਲਦੀ ਬਲਡ ਡੋਨੇਟ ਕਰਨ ਹਸਪਤਾਲ ਪਹੁੰਚਣ । ਇਸੇ ਦੌਰਾਨ ਫੌਜ ਨੇ ਆਪਣੇ ਡਾਕਟਰਾਂ ਦੇ ਇੱਕ ਦਲ ਨੂੰ ਹਸਪਤਾਲ ਭੇਜਿਆ ਹੈ ।
9 ਸਾਲ ਪਹਿਲਾਂ ਵੀ ਆਰਮੀ ਸਕੂਲ ‘ਤੇ ਹਮਲਾ
16 ਦਸੰਬਰ 2014 ਨੂੰ ਪੇਸ਼ਾਵਰ ਵਿੱਚ ਫੌਜੀ ਪਬਲਿਕ ਸਕੂਲ ‘ਤੇ ਦਹਿਸ਼ਤਗਰਦੀ ਹਮਲਾ ਹੋਇਆ ਸੀ । ਇਸ ਵਿੱਚ 148 ਲੋਕ ਮਾਰੇ ਗਏ ਸਨ ਜਿੰਨਾਂ ਵਿੱਚੋਂ 132 ਸਕੂਲੀ ਬੱਚੇ ਸਨ । ਦਹਿਸ਼ਤਗਰਦੀ ਜਥੇਬੰਦੀ ਤਹਿਰੀਕ-ਏ- ਤਾਲਿਬਾਨ ਪਾਕਿਸਤਾਨ (TTP) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ।
TTP ਦੇ ਨਿਸ਼ਾਨੇ ‘ਤੇ ਪਾਕਿਸਾਤਨ
ਪਾਕਿਸਤਾਨ ਵਿੱਚ TTP ਦੇ ਹਮਲੇ ਲਗਾਤਾਰ ਤੇਜ਼ ਹੋ ਰਹੇ ਹਨ । ਇਸ ਦੇ ਨਿਸ਼ਾਨੇ ‘ਤੇ ਰਾਜਧਾਨੀ ਇਸਲਾਮਾਬਾਦ ਵੀ ਆ ਗਈ ਹੈ । ਪਿਛਲ਼ੇ ਮਹੀਨੇ ਇਸਲਾਮਾਬਾਦ ਵਿੱਚ ਫਿਦਾਈਨ ਹਮਲਾ ਹੋਇਆ ਸੀ । ਇਸ ਵਿੱਚ ਇੱਕ ਪੁਲਿਸ ਅਫਸਰ ਮਾਰਿਆ ਗਿਆ ਸੀ ਅਤੇ 6 ਲੋਕ ਜ਼ਖਮੀ ਹੋਏ ਸਨ । ਇਸ ਦੇ ਬਾਅਦ ਸ਼ਾਹਬਾਜ ਸ਼ਰੀਫ ਨੇ ਕੈਬਨਿਟ ਮੀਟਿੰਗ ਬੁਲਾਈ ਸੀ । ਜਿਸ ਤੋਂ ਬਾਅਦ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੇ ਕਿਹਾ ਸੀ ਕੀ ਪਾਕਿਸਤਾਨ ਆਪਣੀ ਹਿਫਾਜ਼ਤ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ । ਜੇਕਰ ਅਫਗਾਨੀਸਤਾਨ ਨੇ TTP ਨੂੰ ਨਹੀਂ ਰੋਕਿਆ ਤਾਂ ਅਫਗਾਨਿਸਤਾਨ ਵਿੱਚ ਵੜ ਕੇ ਇਨ੍ਹਾਂ ਦਹਿਸ਼ਤਗਰਦਾਂ ਨੂੰ ਮਾਰਿਆ ਜਾਵੇਗਾ ।