ਬਿਉਰੋ ਰਿਪੋਰਟ – ਬੀਜੇਪੀ ਦੇ ਸਾਬਕਾ ਐੱਮਪੀ ਤੇ ਮਸ਼ਹੂਰ ਗਾਇਕ ਹੰਸਰਾਜ ਹੰਸ (Hansraj Hans) ਨੂੰ ਪਾਕਿਸਤਾਨ (PAKISTAN) ਆਉਣ ਦਾ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ (Ramesh Singh Arora) ਵੱਲੋਂ ਹੰਸਰਾਜ ਹੰਸ ਨੂੰ ਪਾਕਿਸਤਾਨ ਦੇ ਗੁਰਧਾਮਾਂ ਵਿੱਚ ਕੀਰਤਨ ਦੇ ਲਈ ਬੁਲਾਇਆ ਗਿਆ ਹੈ।
PSGPC ਦੇ ਪ੍ਰਧਾਨ ਨੇ ਕਿਹਾ ਹੰਸਰਾਜ ਹੰਸ ਸ੍ਰੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਪਾਕਿਸਤਾਨ ਆਏ ਸਨ ਅਤੇ ਉਨ੍ਹਾਂ ਨੇ ਅੰਮ੍ਰਿਤ ਵੇਲੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਸੰਗਤਾਂ ਮੁੜ ਤੋਂ ਹੰਸਰਾਜ ਹੰਸ ਨੂੰ ਸੁਣਨਾ ਚਾਹੁੰਦੀਆਂ ਹਨ। ਹਾਲਾਂਕਿ ਹੰਸਰਾਜ ਹੰਸ ਵੱਲੋਂ ਹੁਣ ਤੱਕ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਸੱਦੇ ਦਾ ਜਵਾਬ ਨਹੀਂ ਆਇਆ ਹੈ।
ਹੰਸਰਾਜ ਹੰਸ ਨੂੰ ਸੂਫੀ ਗਾਇਕ ਵਜੋਂ ਪਛਾਣ ਹਾਸਲ ਹੈ। ਪਾਕਿਸਤਾਨ ਵਿੱਚ ਵੀ ਮੰਨੇ-ਪਰਮੰਨੇ ਸੂਫ਼ੀ ਗਾਇਕ ਹਨ, ਜੋ ਅਕਸਰ ਇੱਕ ਦੂਜੇ ਦੇ ਦੇਸ਼ਾਂ ਵਿੱਚ ਆ ਕੇ ਪੇਸ਼ਕਾਰੀ ਦੇ ਜ਼ਰੀਏ ਲੋਕਾਂ ਦਾ ਮਨੋਰੰਜਨ ਕਰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਦੇ ਗਾਇਕਾਂ ਦੇ ਭਾਰਤ ਆਉਣ ‘ਤੇ ਰੋਕ ਲੱਗੀ ਹੋਈ ਹੈ।
ਦੋਵੇ ਦੇਸ਼ਾਂ ਵਿੱਚ ਭਾਵੇ ਸਿਆਸੀ ਤੌਰ ‘ਤੇ ਮਤਭੇਦ ਰਹੇ ਹਨ ਪਰ ਗਾਇਕੀ ਅਤੇ ਸਭਿਆਚਾਰ ਨੇ ਦੋਵਾਂ ਦੇਸ਼ਾਂ ਨੂੰ ਕਿਧਰੇ ਨਾ ਕਿਧਰੇ ਜੋੜ ਕੇ ਰੱਖਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟਾ ਦਾ ਸੱਦਾ ਹੰਸਰਾਜ ਹੰਸ ਕਬੂਲਣਗੇ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਉਹ ਹੁਣ ਗਾਇਕ ਦੇ ਨਾਲ ਸਿਆਸਤਦਾਨ ਵੀ ਹੋ ਗਏ ਹਨ।
ਉਂਞ ਬੀਜੇਪੀ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਭਾਰਤੀ ਕਲਾਕਾਰਾਂ ਦਾ ਪਾਕਿਸਤਾਨ ਜਾਣ ਅਤੇ ਆਉਣ ਦਾ ਵਿਰੋਧ ਕਰਦੀ ਰਹੀ ਹੈ। ਅਜਿਹੇ ਵਿੱਚ ਹੰਸਰਾਜ ਹੰਸ ਵੱਲੋਂ ਸੱਦਾ ਕਬੂਲਣਾ ਆਸਾਨ ਨਹੀਂ ਹੋਵੇਗਾ।