ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਕਿਹਾ ਹੈ ਕਿ ਜੇ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਸਿੰਧੂ ਨਦੀ ’ਤੇ ਕੋਈ ਵੀ ਢਾਂਚਾ ਬਣਾਇਆ ਗਿਆ ਤਾਂ ਪਾਕਿਸਤਾਨ ਉਸ ’ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦੇਵੇਗਾ। ਪਾਕਿਸਤਾਨ ਹਮਾਇਤੀ ਅਤਿਵਾਦੀਆਂ ਵਲੋਂ ਪਹਿਲਗਾਮ ’ਚ ਹਮਲਾ ਕੀਤਾ ਗਿਆ ਸੀ ਇਸ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਤੋੜ ਦੇ ਹੋਏ ਪਾਣੀ ਨੂੰ ਰੋਕ ਦਿਤਾ ਸੀ।
ਜਾਣਕਾਰੀ ਅਨੁਸਾਰ ਇਕ ਇੰਟਰਵਿਊ ’ਚ ਖ਼ਵਾਜ਼ਾ ਆਸਿਫ਼ ਨੇ ਕਿਹਾ ਕਿ ਜੇ ਉਹ ਸਿੰਧੂ ਦਰਿਆ ’ਤੇ ਕਿਸੇ ਵੀ ਤਰ੍ਹਾਂ ਦਾ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਸ ’ਤੇ ਹਮਲਾ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੰਧੂ ਨਦੀ ’ਤੇ ਕੋਈ ਵੀ ਢਾਂਚਾ ਬਣਾਉਣ ਨੂੰ ਪਾਕਿਸਤਾਨ ਵਿਰੁਧ ਭਾਰਤ ਵਲੋਂ ਹਮਲਾ ਮੰਨਿਆ ਜਾਵੇਗਾ।
ਆਸਿਫ਼ ਨੇ ਕਿਹਾ ਕਿ ਹਮਲਾ ਸਿਰਫ਼ ਤੋਪਾਂ ਜਾਂ ਗੋਲੀਆਂ ਨਾਲ ਹੀ ਨਹੀਂ ਹੁੰਦਾ, ਇਸ ਦੇ ਕਈ ਰੂਪ ਹੁੰਦੇ ਹਨ, ਜਿਵੇਂ ਕਿ ਪਾਣੀ ਨੂੰ ਰੋਕਣਾ ਜਾਂ ਮੋੜਨਾ। ਇਹ ਪਿਆਸ ਨਾਲ ਮੌਤਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਮੁਹੱਈਆ ਫੋਰਮਾਂ ਦੀ ਵਰਤੋਂ ਕਰੇਗਾ।