International

ਪਾਕਿਸਤਾਨ ਵੱਲੋਂ ਅਫਗਾਨਿਸਤਾਨ ’ਤੇ ਹਵਾਈ ਹਮਲੇ, ਅਫ਼ਗਾਨਿਸਤਾਨ ਨੇ ਸਰਹੱਦ ’ਤੇ ਟੈਂਕ ਭੇਜੇ

ਬਿਊਰੋ ਰਿਪੋਰਟ (15 ਅਕਤੂਬਰ, 2025): ਪਾਕਿਸਤਾਨ ਨੇ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨੀ ਮੀਡੀਆ ਮੁਤਾਬਕ, ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਰਾਜਧਾਨੀ ਕਾਬੁਲ ਦੇ ਤੈਮਾਨੀ ਇਲਾਕੇ ਅਤੇ ਕੰਧਾਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿੱਚ ਸਿਵਿਲ ਇਲਾਕਿਆਂ ’ਤੇ ਬੰਬਬਾਰੀ ਕੀਤੀ ਹੈ।

ਹਮਲੇ ਨਾਲ ਸਬੰਧਿਤ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕਾਬੁਲ ਅਤੇ ਹੋਰ ਇਲਾਕਿਆਂ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿੱਖ ਰਹੇ ਹਨ।

ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਪਾਕਿਸਤਾਨੀ ਫੌਜ ਨੇ ਕਿਹਾ ਕਿ ਇਹ ਹਮਲੇ ਅਫਗਾਨ ਤਾਲਿਬਾਨ ਦੇ ਹਮਲਿਆਂ ਦਾ ਜਵਾਬ ਹਨ। ਉਨ੍ਹਾਂ ਦੇ ਕੈਂਪ ਅਤੇ ਮੁੱਖ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਰਿਪੋਰਟਾਂ ਦਾ ਦਾਅਵਾ ਹੈ ਕਿ ਕੰਧਾਰ ਪ੍ਰਾਂਤ ਵਿੱਚ ਤਾਲਿਬਾਨ ਦੀ ਚੌਥੀ ਬਟਾਲਿਅਨ ਅਤੇ ਛੇਵੀਂ ਬਾਰਡਰ ਬ੍ਰਿਗੇਡ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।

ਕਈ ਤਾਲਿਬਾਨ ਲੜਾਕੇ ਅਤੇ ਵਿਦੇਸ਼ੀ ਨਾਗਰਿਕ ਮਾਰੇ ਜਾਣ ਦੀ ਖ਼ਬਰ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਹਰ ਹਮਲੇ ਦਾ ਮੁੱਕਾਬਲਾ ਦ੍ਰਿੜਤਾ ਨਾਲ ਕਰੇਗਾ। ਦੂਜੇ ਪਾਸੇ, ਅਫਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਇਨ੍ਹਾਂ ਦਾਵਿਆਂ ਨੂੰ ਗਲਤ ਦੱਸਿਆ ਹੈ, ਹਾਲਾਂਕਿ ਅਧਿਕਾਰਕ ਪ੍ਰਤੀਕਿਰਿਆ ਹਾਲੇ ਨਹੀਂ ਆਈ।

ਅਫ਼ਗਾਨਿਸਤਾਨ ਨੇ ਸਰਹੱਦ ’ਤੇ ਟੈਂਕ ਭੇਜੇ

ਮੰਗਲਵਾਰ ਰਾਤ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫ਼ਗਾਨ ਤਾਲਿਬਾਨ ਵਿਚਕਾਰ ਦੁਬਾਰਾ ਝੜਪਾਂ ਹੋਈਆਂ। ਅਫ਼ਗਾਨ ਤਾਲਿਬਾਨ ਦੇ ਬੁਲਾਰੇ ਮੌਲਵੀ ਜ਼ਬੀਹੁੱਲਾਹ ਮੁਜਾਹਿਦ ਨੇ ਦੱਸਿਆ ਕਿ ਸਵੇਰੇ ਪਾਕਿਸਤਾਨੀ ਫੌਜ ਨੇ ਕੰਧਾਰ ਦੇ ਸਪਿਨ ਬੋਲਡਕ ਇਲਾਕੇ ਵਿੱਚ ਹਮਲਾ ਕੀਤਾ, ਜਿਸ ’ਚ 12 ਨਾਗਰਿਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋਏ।

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ISPR ਨੇ ਸਵੇਰੇ ਕਿਹਾ ਕਿ ਬਲੂਚਿਸਤਾਨ ਬਾਰਡਰ ’ਤੇ ਤਾਲਿਬਾਨ ਦੇ ਹਮਲੇ ਨੂੰ ਨਾਕਾਮ ਕੀਤਾ ਗਿਆ ਹੈ, ਜਿਸ ’ਚ 15 ਤੋਂ 20 ਤਾਲਿਬਾਨ ਮੈਂਬਰ ਮਾਰੇ ਗਏ।

ਇੱਕ ਹਫ਼ਤੇ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਇਹ ਤੀਜੀ ਵੱਡੀ ਝੜਪ ਹੈ। ਦੋਹਾਂ ਪਾਸਿਆਂ ਨੇ ਇਕ ਦੂਜੇ ਦੇ ਪੋਸਟਾਂ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ ਅਤੇ ਟੈਂਕਾਂ ਦੇ ਨੁਕਸਾਨ ਦੀ ਵੀ ਖ਼ਬਰ ਹੈ।

ਪਾਕਿਸਤਾਨੀ ਸਰਕਾਰੀ ਮੀਡੀਆ ਨੇ ਤਾਲਿਬਾਨ ’ਤੇ ਬਿਨਾ ਉਕਸਾਏ ਪਹਿਲੀ ਗੋਲ਼ੀ ਚਲਾਉਣ ਦਾ ਦੋਸ਼ ਲਗਾਇਆ ਹੈ, ਜਦਕਿ ਅਫ਼ਗਾਨ ਸਮਰਥਿਤ ਹੈਂਡਲਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਅੰਦਰ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਅਫ਼ਗਾਨਿਸਤਾਨ ਲਈ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ 7 ਪਾਕਿਸਤਾਨੀ ਸੈਨਿਕ ਮਾਰੇ ਗਏ।