ਬਿਉਰੋ ਰਿਪੋਰਟ : ਪੰਜਾਬ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਪਾਕਿਸਤਾਨ ਗਏ ਇੱਕ ਪਰਿਵਾਰ ਦੇ ਨਾਲ ਲਾਹੌਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਹਈ ਹੈ । ਲੁਟੇਰੇ ਪੁਲਿਸ ਵਰਦੀ ਵਿੱਚ ਆਏ ਸਨ ਅਤੇ 2 ਲੱਖ 50 ਹਜ਼ਾਰ ਭਾਰਤੀ ਰੁਪਏ ਅਤੇ 1 ਲੱਖ 50 ਹਜ਼ਾਰ ਪਾਕਿਸਤਾਨੀ ਰੁਪਏ ਲੁੱਟ ਕੇ ਫਰਾਰ ਹੋ ਗਏ । ਲਾਹੌਰ ਪੁਲਿਸ ਨੇ ਲੁੱਟ ਦੀ FIR ਗੁਲਬਰਗ ਥਾਣੇ ਵਿੱਚ ਦਰਜ ਕੀਤੀ ਹੈ । ਪਰ ਡਕੈਤੀ ਦੀ ਧਾਰਾ ਨਹੀਂ ਜੋੜੀ ਹੈ ।
ਇਸ ਘਟਨਾ ਨੂੰ ਲੈਕੇ SGPC ਨੇ ਨਰਾਜ਼ਗੀ ਜਤਾਈ ਹੈ। ਇਹ ਪਰਿਵਾਰ ਹੁਣ ਵੀ ਜਥੇ ਦੇ ਨਾਲ ਪਾਕਿਸਤਾਨ ਵਿੱਚ ਹੀ ਹੈ । ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨਕਵੀ ਨੇ ਆਪ ਇਸ ਦਾ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਦੇ ਨਿਰਦੇਸ਼ ਦਿੱਤੇ ਹਨ।
29 ਨਵੰਬਰ ਦੀ ਸ਼ਾਮ ਨੂੰ ਜਥੇ ਦੇ ਨਾਲ ਕੰਵਲਜੀਤ ਸਿੰਘ ਪਰਿਵਾਰ ਨਾਲ ਲਾਹੌਰ ਦੇ ਗੁਲਬਰਗ ਵਿੱਚ ਖਰੀਦਦਾਰੀ ਕਰਨ ਲਈ ਲਿਬਰਟੀ ਮਾਰਕਿਟ ਪਹੁੰਚੇ ਸਨ । ਉੱਥੇ ਹੀ ਪੁਲਿਸ ਦੀ ਵਰਦੀ ਵਿੱਚ ਆਏ ਨੌਜਵਾਨਾਂ ਨੇ ਉਨ੍ਹਾਂ ਦੇ ਬੈਗ ‘ਤੇ ਹੱਥ ਸਾਫ ਕਰ ਲਿਆ।ਨੌਜਵਾਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਸ਼ੋਰ ਮਚਾਇਆ ਪਰ ਮੁਲਜ਼ਮ ਤੇਜੀ ਨਾਲ ਫਰਾਰ ਹੋ ਗਏ । ਫਿਰ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕਰਵਾਈ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਸੰਗਤ ਨਨਕਾਣਾ ਸਾਹਿਬ,ਪੰਜਾ ਸਾਹਿਬ ਅਤੇ ਲਾਹੌਰ ਦੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਜਾਂਦੀ ਹੈ । ਸਥਾਨਕ ਸੰਗਤ ਵੱਲੋਂ ਉਨ੍ਹਾਂ ਦਾ ਸੁਆਗਤ ਵੀ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਸਖਤ ਇੰਤਜ਼ਾਮ ਵੀ ਹੁੰਦੇ ਹਨ ।