ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਸੱਖਰ ਵਿੱਚ ਵੀਰਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਜ਼ਬਰਦਸਤੀ ਗੁਰਦੁਆਰਾ ਸਿੰਘ ਸਭਾ ਵਿਖੇ ਦਾਖ਼ਲ ਹੋ ਕੇ ਰਾਗੀ ਸਿੰਘਾਂ ਨਾਲ ਦੁਰਵਿਹਾਰ ਕੀਤਾ ਅਤੇ ਉਨ੍ਹਾਂ ਨੂੰ ਕੀਰਤਨ ਬੰਦ ਕਰਨ ਲਈ ਕਿਹਾ। ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਕਈ ਸਥਾਨਕ ਸਿੱਖਾਂ ਅਤੇ ਹਿੰਦੂਆਂ ਨੇ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਹਵਾਲੇ ਕੀਤੇ ਬਦਮਾਸ਼ਾਂ ਨੂੰ ਜਾਂਚ ਅਤੇ ਪੁੱਛ ਪੜਤਾਲ ਕੀਤੇ ਬਗ਼ੈਰ ਛੱਡ ਦਿੱਤਾ ਗਿਆ।
ਗੁਰਦੁਆਰੇ ਦੇ ਰਾਗੀ ਅਜੈ ਸਿੰਘ ਨੇ ਦੱਸਿਆ ਕਿ ਉਹ ਕੀਰਤਨ ਕਰ ਰਿਹਾ ਸੀ ਕਿ ਅਚਾਨਕ ਲਾਊਡਸਪੀਕਰ ਦੀ ਆਵਾਜ਼ ਘਟ ਗਈ। ਗੁਰਦੁਆਰੇ ਵਿੱਚ ਰੌਲਾ-ਰੱਪਾ ਪੈ ਗਿਆ। ਕੁਝ ਲੋਕਾਂ ਨੇ ਜਬਰੀ ਕੀਰਤਨ ਬੰਦ ਕਰਵਾਇਆ। ਉਨ੍ਹਾਂ ਕਿਹਾ, ‘‘ਸਾਡੇ ਪੁਰਖੇ ਪਿਛਲੇ 100 ਸਾਲਾਂ ਤੋਂ ਇਸ ਗੁਰਦੁਆਰੇ ਵਿੱਚ ਪਾਠ ਤੇ ਕੀਰਤਨ ਕਰਦੇ ਆ ਰਹੇ ਹਨ। ਅਸੀਂ ਕਦੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਦਿੱਤੀ। ਕੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਅਜਿਹਾ ਸਲੂਕ ਹੁੰਦਾ ਹੈ?’’
Islamists barge into a #Gurdwara in Sindh, Pakistan and commit sacrilege against Guru Granth Sahib.
"Is this the Pakistan Jinnah had promised..why did police free all the attackers?", asks a Sikh youth.
Will Harbhajan Singh talk to his dear friend Shoaib Akhtar about this?… pic.twitter.com/vgYQGP4yC4
— HinduPost (@hindupost) June 30, 2023
ਸਿੱਖਾਂ ਅਤੇ ਹਿੰਦੂਆਂ ਨੇ ਪੁਲਿਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਘਟਨਾ ਸਬੰਧੀ ਨਾ ਤਾਂ ਐੱਫਆਈਆਰ ਦਰਜ ਕੀਤੀ ਗਈ ਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕ ਪਾਕਿਸਤਾਨ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਘਟਨਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਖ਼ਤ ਨਿਖੇਧੀ ਕੀਤੀ ਹੈ। ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੀਡੀਆ ਦੇ ਹਵਾਲੇ ਤੋਂ ਪਤਾ ਲਗਾ ਹੈ ਕੇ ਪਾਕਿਸਤਾਨ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਸ਼ੁੱਕਰ ਵਿਖੇ ਚਲਦੇ ਹੋਏ ਕੀਰਤਨ ਨੂੰ ਰੁਕਵਾਇਆ ਗਿਆ।
ਸੰਗਤਾਂ ਵੱਲੋਂ ਉਹਨਾਂ ਅਨਸਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪਰੰਤੂ ਪਾਕਿਸਤਾਨ ਪ੍ਰਸ਼ਾਸਨ ਨੇ ਉਹਨਾਂ ਪੁਰ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਛੱਡ ਦਿੱਤਾ, ਜੋ ਕੇ ਬਹੁਤ ਹੀ ਮੰਦਭਾਗਾ ਹੈ। ਜਿਸ ਦੀ ਜਥੇਦਾਰ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਨੂੰ ਕਿਹਾ ਕੇ ਉਹ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ, ਇਹੋ ਜਿਹੀਆਂ ਹੋ ਰਹੀਆਂ ਘਿਣਾਉਣੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ।
ਦੱਸ ਦੇਈਏ ਕਿ ਇਸੇ ਮਹੀਨੇ 24 ਜੂਨ ਨੂੰ ਖ਼ੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਦੇ ਯਾਕਾਤੂਤ ਇਲਾਕੇ ਵਿੱਚ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਇੱਕ ਸਿੱਖ ਦੁਕਾਨਦਾਰ ਮਨਮੋਹਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇੱਕ ਦਿਨ ਪਹਿਲਾਂ ਪਿਸ਼ਾਵਰ ਵਿੱਚ ਤਰਲੋਕ ਸਿੰਘ ਨਾਂ ਦੇ ਸਿੱਖ ’ਤੇ ਹਮਲਾ ਕੀਤਾ ਗਿਆ ਸੀ। ਐੱਨਜੀਓ ਯੂਨਾਈਟਿਡ ਸਿੱਖਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਅਤੇ ਸਿੱਖਾਂ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।