‘ਦ ਖ਼ਾਲਸ ਬਿਊਰੋ :- ਪਾਕਿਸਤਾਨ ‘ਚ ਇਮਰਾਨ ਖਾਣ ਸਰਕਾਰ ਨੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੋਕਾਂ ਨੂੰ ਬਕਰੀਦ ਮੌਕੇ ਚੜਾਏ ਜਾਣ ਵਾਲੇ ਜਾਨਵਰਾਂ ਨੂੰ ਆਨਲਾਈਨ ਖ੍ਰੀਦਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਰਕਾਰ ਨੇ ਪਸ਼ੂ ਮੰਡੀ ਜਾਣ ਵਾਲੇ ਲੋਕਾਂ ਲਈ ਮਾਸਕ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ ਹੈ, ਕਿਉਂਕਿ ਸਰਕਾਰ ਨੂੰ ਡਰ ਹੈ ਕਿ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਘੱਟ ਰਹੀ ਗਿਣਤੀ ਨੂੰ ਕਿਤੇ ਬਕਰੀਦ ਦੇ ਮੌਕੇ ਬਜ਼ਾਰਾਂ ‘ਚ ਹੋਣ ਵਾਲੀ ਭੀੜ ਫਿਰ ਨਾ ਵਧਾ ਦੇਵੇ।
ਸਰਕਾਰ ਨੇ ਬਜ਼ਾਰਾਂ ਨੂੰ ਅੱਧੇ ਦਿਨ ਲਈ ਬੰਦ ਰੱਖਣ ਦੇ ਫੈਸਲਾ ਵੀ ਕੀਤਾ ਹੈ। ਜਿਸ ਨਾਲ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੀ ਮੁੱਖ ਪਸ਼ੂ ਮੰਡੀ ‘ਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਨੂੰ ਘੱਟ ਭੀੜ ਵੇਖਣ ਨੂੰ ਮਿਲੀ, ਜਦਕਿ ਬਕਰੀਦ ‘ਚ ਹਾਲੇ ਛੇ ਦਿਨ ਬਾਕੀ ਹਨ।
ਪਾਕਿਸਤਾਨੀ ਦੀ ਇੱਕ ਨਿਊਜ਼ ਏਜੰਸੀ “ਰਾਇਟਰਜ਼” ਨੂੰ ਇੱਕ ਪਸ਼ੂ ਵਪਾਰੀ ਅੱਲ੍ਹਾ ਦਿੱਤਾ ਨੇ ਦੱਸਿਆ ਕਿ ਉਹ ਆਪਣੇ ਪਸ਼ੂ ਵੇਚਣ ਲਈ ਬਹੁਤ ਦੂਰੋ ਆਇਆ ਸੀ, ਪਰ ਮੰਡੀ ‘ਚ ਉਸ ਦੇ ਗਾਹਕਾਂ ਦੀ ਗਿਣਤੀ ਘੱਟ ਕੇ ਅੱਧੀ ਹੋ ਗਈ ਹੈ।
ਇਸ ਦੇ ਨਾਲ ਹੀ ਇੱਕ ਹੋਰ ਪਸ਼ੂ ਵਪਾਰੀ ਮੁਹੰਮਦ ਅਕਰਮ ਨੇ ਕਿਹਾ, “ਮੈਂ ਇਸ ਕੋਰੋਨਾ ਵਾਇਰਸ ਨੂੰ ਨਹੀਂ ਸਮਝ ਪਾ ਰਿਹਾ ਹਾਂ। ਮੈਂ ਇਸ ਵਾਇਰਸ ਨਾਲ ਅਜੇ ਤੱਕ ਕਿਸੇ ਨੂੰ ਮਰਦਾ ਹੋਇਆ ਨਹੀਂ ਵੇਖਿਆ। ਆਪਣੇ ਆਸ ਪਾਸ ਦੇਖੋ, ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਹੈ।”
ਪਸ਼ੂ ਮੰਡੀ ‘ਚ ਬਹੁਤ ਸਾਰੇ ਲੋਕ ਬਿਨਾ ਮਾਸਕ ਤੋਂ ਦਿਖਾਈ ਦਿੱਤੇ, ਤੇ ਕੁੱਝ ਲੋਕ ਬੱਚਿਆਂ ਨੂੰ ਲੈ ਕੇ ਆਏ ਹੋਏ ਸਨ। ਜਦਕਿ ਸਰਕਾਰੀ ਨਿਯਮਾਂ ਮੁਤਾਬਿਕ ਇਸ ਸਾਲ ਪਸ਼ੂ ਮੰਡੀ ‘ਚ ਬੱਚਿਆਂ ਨੂੰ ਲਿਆਉਣ ‘ਤੇ ਪਾਬੰਦੀ ਲਾਈ ਗਈ ਹੈ।
ਪਾਕਿਸਤਾਨ ‘ਚ ਹੁਣ ਤੱਕ ਕੋਰੋਨਾਵਾਇਰਸ ਦੇ 270,000 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਮਹਾਂਮਾਰੀ ਨਾਲ ਛੇ ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ 26 ਜੁਲਾਈ ਨੂੰ ਪਾਕਿਸਤਾਨ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1200 ਤੋਂ ਵੀ ਘੱਟ ਦੱਸੀ ਜਾ ਰਹੀ ਸੀ, ਜਦੋਂ ਕਿ ਪਿਛਲੇ ਮਹੀਨੇ ‘ਚ ਰੋਜ਼ਾਨਾ ਦਰਜ ਕੀਤੇ ਜਾਣ ਵਾਲੇ ਪਾਜ਼ਿਟਿਵ ਕੇਸਾਂ ਦੀ ਗਿਣਤੀ ਵੱਧ ਕੇ 7000 ਹੋ ਗਈ ਹੈ।
ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਸਿਹਤ ਮੰਤਰੀ ਜ਼ਫਰ ਮਿਰਜ਼ਾ ਨੇ ਕਿਹਾ, “ਪਿਛਲੇ ਚਾਰ ਹਫ਼ਤਿਆਂ ਦੌਰਾਨ ਪਾਕਿਸਤਾਨ ‘ਚ ਕੋਰੋਨਾ ਦੀ ਲਾਗ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਮਰਨ ਵਾਲਿਆਂ ਦੀ ਗਿਣਤੀ ‘ਚ 80 ਫੀਸਦੀ ਤੱਕ ਦੀ ਗਿਰਾਵਟ ਆਈ ਹੈ।