The Khalas Tv Blog Punjab ਗੁਰਦਾਸ ਮਾਨ ਨੂੰ ਪਾਕਿਸਤਾਨ ‘ਚ ਨਹੀਂ ਮਿਲੇਗਾ ਵਾਰਿਸ਼ ਸ਼ਾਹ ਕੌਮਾਂਤਰੀ ਪੁਰਸਕਾਰ ! ਫਾਉਂਡੇਸ਼ਨ ਨੇ ਇਸ ਇਤਰਾਜ਼ ਤੋਂ ਬਾਅਦ ਲਿਆ ਫੈਸਲਾ
Punjab

ਗੁਰਦਾਸ ਮਾਨ ਨੂੰ ਪਾਕਿਸਤਾਨ ‘ਚ ਨਹੀਂ ਮਿਲੇਗਾ ਵਾਰਿਸ਼ ਸ਼ਾਹ ਕੌਮਾਂਤਰੀ ਪੁਰਸਕਾਰ ! ਫਾਉਂਡੇਸ਼ਨ ਨੇ ਇਸ ਇਤਰਾਜ਼ ਤੋਂ ਬਾਅਦ ਲਿਆ ਫੈਸਲਾ

ਬਿਉਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨ ਵਿੱਚ ਹੁਣ ਸਨਮਾਨਿਤ ਨਹੀਂ ਕੀਤਾ ਜਾਵੇਗਾ । ਪਾਕਿਸਤਾਨ ਵਿੱਚ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਦੇਣ ਵਾਲੀ ਵਾਰਿਸ ਆਲਮੀ ਫਾਉਂਡੇਸ਼ਨ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ । ਤਕਰੀਬਨ 2 ਹਫਤੇ ਪਹਿਲਾਂ ਹੀ ਇਸ ਸੰਸਥਾ ਨੇ ਗੁਰਦਾਸ ਮਾਨ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਸਿੱਧੂ ਮੂਸੇਵਾਲਾ ਨੂੰ ਇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਭਾਰਤੀ ਪੰਜਾਬੀ ਗਾਇਕਾਂ ਨੂੰ ਪਾਕਿਸਤਾਨ ਪੰਜਾਬ ਵਿੱਚ ਬਹੁਤ ਸਨਮਾਨ ਦਿੱਤਾ ਜਾਂਦਾ ਹੈ । ਗੁਰਦਾਸ ਮਾਨ ਅਜਿਹੇ ਗਾਇਕ ਹਨ ਜਿੰਨਾਂ ਨੇ ਸਰਹੱਦ ਦੇ ਦੋਵੇਂ ਪਾਸੇ ਦੇ ਲੋਕਾਂ ਦੇ ਦਿਲ ਵਿੱਚ ਥਾਂ ਬਣਾਈ ਹੈ। ਗੁਰਦਾਸ ਮਾਨ ਹਮੇਸ਼ਾ ਸਾਫ ਸੁਥਰੇ ਅਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦੇ ਹਨ । ਇਸੇ ਵਜ੍ਹਾ ਨਾਲ ਉਨ੍ਹਾਂ ਦਾ ਦੁਨੀਆ ਵਿੱਚ ਰੁਤਬਾ ਹੈ। ਉਨ੍ਹਾਂ ਦੀ ਸਾਫ ਸੁਥਰੀ ਅਤੇ ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਵਾਰਿਸ ਸ਼ਾਹ ਆਲਮੀ ਫਾਉਂਡੇਸ਼ਨ ਨੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ। ਅਗਸਤ ਮਹੀਨੇ ਦੇ ਪਹਿਲੇ ਹਫਤੇ ਵਿੱਚ ਉਨ੍ਹਾਂ ਨੂੰ ਵਾਰਿਸ ਸ਼ਾਹ ਇੰਟਰਨੈਸ਼ਨ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ।

ਵਿਰੋਧ ਦੇ ਬਾਅਦ ਬਦਲਿਆ ਫੈਸਲਾ

ਦਰਅਸਲ ਕੁਝ ਦਿਨ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇਣ ਦਾ ਵਿਰੋਧ ਹੋਇਆ ਸੀ । ਉਸ ਦੇ ਬਾਅਦ ਫਾਉਂਡੇਸ਼ਨ ਨੇ ਆਪਣਾ ਫੈਸਲਾ ਬਦਲ ਲਿਆ ਹੈ । ਫਾਉਂਡੇਸ਼ਨ ਨੇ ਕਿਹਾ ਕਿ ਹੁਣ ਇਹ ਐਵਾਰਡ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਦਿੱਤਾ ਜਾਵੇਗਾ । ਇਸ ਤੋਂ ਬਾਅਦ ਪਾਕਿਸਤਾਨ ਅਤੇ ਉੱਥੇ ਦੇ ਸਾਹਿਤਕਾਰਾਂ,ਗੀਤਕਾਰਾਂ ਅੇਤ ਸੂਫੀ ਗਾਇਕਾਂ ਨੇ ਖੁਸ਼ੀ ਜਤਾਈ ਹੈ ।

3 ਸਾਲ ਪਹਿਲਾਂ ਗੁਰਦਾਸ ਮਾਨ ਦੇ ਇੱਕ ਬਿਆਨ ‘ਤੇ ਵਿਵਾਦ

3 ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਨਾਅਰਾ ਦਿੱਤਾ ਸੀ ਤਾਂ ਗੁਰਦਾਸ ਮਾਨ ਨੇ ਇਸ ਦੀ ਹਮਾਇਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ । ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਅਤੇ ਹਿੰਦੀ ਨੂੰ ਮਾਸੀ ਕਿਹਾ ਸੀ । ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਿਰੋਧ ਹੋਇਆ ਸੀ । ਇਸ ਤੋਂ ਬਾਅਦ ਜਦੋਂ ਉਹ ਵਿਦੇਸ਼ੀ ਦੌਰੇ ‘ਤੇ ਗਏ ਸਨ ਤਾਂ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਖਿਲਾਫ ਪੋਸਟਰ ਲਗਾਏ ਗਏ ਸਨ । ਜਿਸ ਤੋਂ ਬਾਅਦ ਚੱਲਦੇ ਸ਼ੋਅ ਵਿੱਚ ਗੁਰਦਾਸ ਮਾਨ ਨੇ ਗੁੱਸੇ ਵਿੱਚ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਸੀ । ਇਸ ਤੋਂ ਬਾਅਦ ਮਾਨ ਨੇ ਇਸੇ ਵਿਵਾਦ ਨੂੰ ਲੈ ਕੇ ਇੱਕ ਗੀਤ ਵੀ ਗਾਇਆ ਸੀ ਜਿਸ ਦਾ ਨਾਂ ਸੀ ‘ਗੱਲ ਸੁਣੋ ਪੰਜਾਬੀ ਦੋਸਤੋ’। ਜਿਸ ਵਿੱਚ ਉਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਨੂੰ ਤਿੱਖਾ ਜਵਾਬ ਵੀ ਦਿੱਤਾ ਸੀ ।

Exit mobile version