ਬਿਊਰੋ ਰਿਪੋਰਟ : ਪਾਕਿਸਤਾਨ T20 world cup 2022 ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ । ਖ਼ਾਸ ਗੱਲ ਇਹ ਹੈ ਕਿ ਪੂਰੇ ਟੂਰਨਾਮੈਂਟ ਵਿੱਚ ਟੀਮ ਦੇ 2 ਵੱਡੇ ਫਲਾਪ ਖਿਡਾਰੀ ਸੈਮੀਫਾਈਨਲ ਵਿੱਚ ਜਿੱਤ ਦੇ ਹੀਰੋ ਸਾਬਿਤ ਹੋਏ ਹਨ । ਕਪਤਾਨ ਬਾਬਰ ਆਜਮ ਅਤੇ ਮੁਹੰਮਦ ਰਿਜ਼ਵਾਨ ਪੂਰੀ ਤਰ੍ਹਾਂ ਨਾਲ ਲੀਗ ਮੈਚ ਵਿੱਚ ਫਲਾਪ ਰਹੇ ਪਰ ਸੈਮੀਫਾਈਨਲ ਵਿੱਚ ਇੰਨਾਂ ਦੋਵਾਂ ਦੀ ਸਲਾਨੀ ਜੋੜੀ ਨੇ ਪਾਕਿਸਤਾਨ ਟੀਮ ਨੂੰ ਫਾਈਨਲ ਵਿੱਚ ਥਾਂ ਦਿਵਾ ਦਿੱਤੀ ਹੈ। ਬਾਬਰ ਪੂਰੇ ਟੂਰਨਾਮੈਂਟ ਵਿੱਚ ਕੁੱਲ 50 ਦੌੜਾਂ ਵੀ ਨਹੀਂ ਬਣਾ ਸਕੇ ਸਨ ਉਨ੍ਹਾਂ ਨੇ ਨਿਊਜ਼ੀਲੈਂਡ ਖਿਲਾਫ਼ ਸੈਮੀਫਾਈਨਲ ਵਿੱਚ 42 ਗੇਂਦਾਂ ‘ਤੇ 53 ਦੌੜਾਂ ਦੀ ਅਹਿਮ ਪਾਰੀ ਖੇਡੀ,ਉਨ੍ਹਾਂ ਦੇ ਨਾਲ ਟੀਮ ਦੇ ਉੱਪ ਕਪਤਾਨ ਮੁਹੰਮਦ ਰਿਜ਼ਵਾਨ ਨੇ ਵੀ 57 ਦੌੜਾਂ ਬਣਾਇਆ। ਦੋਵੇ ਦੇ ਵਿੱਚ 105 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਪਾਕਿਸਤਾਨ ਦੀ ਟੀਮ ਨੇ ਜਿੱਤ ਦੇ ਲਈ 153 ਦੌੜਾਂ ਦਾ ਟੀਚਾ ਬਣੀ ਹੀ ਅਸਾਨੀ ਨਾਲ ਹਾਸਲ ਕਰ ਲਿਆ ਹੈ ।
ਨਿਊਜ਼ੀਲੈਂਡ ਦੀ ਟੀਮ 20 ਓਵਰ ਵਿੱਚ 4 ਵਿਕਟਾਂ ਗਵਾਕੇ ਸਿਰਫ਼ 152 ਦੌੜਾਂ ਹੀ ਬਣਾ ਸਕੀ ਸੀ। ਹੁਣ 10 ਨਵੰਬਰ ਨੂੰ ਭਾਰਤ ਅਤੇ ਇੰਗਲੈਂਡ ਵਿੱਚ ਦੂਜਾ ਸੈਮੀਫਾਈਨਲ ਹੋਵੇਗਾ। ਜੇਕਰ ਭਾਰਤ ਫਾਈਨਲ ਵਿੱਚ ਪਹੁੰਚ ਦੀ ਹੈ ਤਾਂ ਟੀ-20 ਵਰਲਡ ਕੱਪ ਦਾ ਇਹ ਮਹਾ ਫਾਈਲਨ ਮੁਕਾਬਲਾ ਹੋਵੇਗਾ। ਲੀਗ ਮੈਚ ਵਿੱਚ ਹਾਲਾਂਕਿ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ । ਪਰ ਜੇਕਰ ਫਾਈਨਲ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ ਤਾਂ 2007 ਤੋਂ ਬਾਅਦ ਇਹ ਦੂਜੀ ਵਾਰ ਹੋਵੇਗਾ ਜਦੋਂ ਦੋਵੇ ਟੀਮਾਂ ਖਿਤਾਬੀ ਮੁਕਾਬਲਾ ਲਈ ਇੱਕ ਦੂਜੇ ਦੇ ਖਿਲਾਫ ਖੇਡਣਗੀਆਂ । ਹਾਲਾਂਕਿ ਅੰਕੜਿਆਂ ਨਾਲ ਵੇਖਿਆ ਜਾਵੇ ਤਾਂ ਭਾਰਤ ਦਾ ਪਲੜਾ ਭਾਰੀ ਹੈ ਜਦਕਿ ਕਿਸਮਤ ਪੱਖੋਂ ਪਾਕਿਸਤਾਨ ਫੇਵਰਟ ਮਨਿਆ ਜਾ ਰਿਹਾ ਹੈ ।
ਅੰਕੜਿਆ ‘ਚ ਭਾਰਤ ਮਜਬੂਤ, ਕਿਸਮਤ ‘ਚ ਪਾਕਿਸਤਾਨ
15 ਸਾਲ ਪਹਿਲਾਂ ਜਦੋਂ ਭਾਰਤ ਨੇ ਪਹਿਲੀ ਵਾਰ ਟੀ-20 ਵਰਲਡ ਕੱਪ ਜਿੱਤਿਆ ਸੀ ਤਾਂ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੀ ਟੀਮ ਨਾਲ ਹੀ ਸੀ । ਅਖੀਰਲੀ ਗੇਂਦ ‘ਤੇ ਸ਼੍ਰੀਸਾਂਤ ਨੇ ਮਿਜ਼ਬਾ ਦਾ ਕੈਚ ਫੜ ਕੇ ਭਾਰਤ ਨੂੰ ਟੀ-20 ਵਰਲਡ ਕੱਪ ਦਾ ਪਹਿਲੀ ਵਾਰ ਚੈਂਪੀਅਨ ਬਣਾਇਆ ਸੀ। ਹੁਣ 14 ਸਾਲ ਬਾਅਦ ਭਾਰਤ ਕੋਲ ਵਰਲਡ ਚੈਂਪੀਅਨ ਬਣਨ ਦਾ ਮੌਕਾ ਹੈ। ਉਧਰ ਗੱਲ ਪਾਕਿਸਤਾਨ ਦੀ ਕਰੀਏ ਤਾਂ ਉਨ੍ਹਾਂ ਦੀ ਕਿਸਮਤ ਪੂਰੀ ਤਰ੍ਹਾਂ ਬੁਲੰਦ ਨਜ਼ਰ ਆ ਰਹੀ ਹੈ । ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੁੰਦੇ-ਹੁੰਦੇ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ । ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਜਦੋਂ 1992 ਵਿੱਚ 50-50 ਓਵਰ ਅਤੇ 2009 ਵਿੱਚ ਟੀ-20 ਵਰਲਡ ਕੱਪ ਵਿੱਚ ਚੈਂਪੀਅਨ ਬਣੀ ਸੀ ਤਾਂ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਸੀ।
ਲੀਗ ਮੈਚਾਂ ਵਿੱਚ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਆਸ ਨਹੀਂ ਸੀ ਪਰ ਦੋਵੇ ਵਾਰ ਕਿਸਮਤ ਨੇ ਟੀਮ ਦਾ ਸਾਥ ਦਿੱਤਾ ਅਤੇ ਨਾ ਸਿਰਫ਼ ਪਾਕਿਸਤਾਨ ਸੈਮੀਫਾਈਲ ਵਿੱਚ ਪਹੁੰਚੀ ਬਲਕਿ ਵਰਲਡ ਚੈਂਪੀਅਨ ਵੀ ਬਣ ਗਈ । ਹੁਣ ਟੀਮ ਕੋਲ ਇਸੇ ਕਿਸਮਤ ਦੇ ਸਹਾਰੇ ਤੀਜੀ ਵਾਰ ਵਰਲਡ ਚੈਂਪੀਅਨ ਬਣਨ ਦਾ ਮੌਕਾ ਹੈ । ਪਾਕਿਸਤਾਨ ਦੇ ਪੱਖ ਵਿੱਚ ਇੱਕ ਹੋਰ ਗੱਲ ਇਹ ਹੈ ਕਿ 1992 ਵਿੱਚ ਜਦੋਂ ਟੀਮ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ ਤਾਂ ਵੀ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹੀ ਹਰਾਇਆ ਸੀ । ਇਸ ਵਾਰ ਦੇ ਟੀ-20 ਵਰਲਡ ਕੱਪ ਵਿੱਚ ਵੀ ਪਾਕਿਸਤਾਨ ਨੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹੀ ਹਰਾਇਆ ਹੈ । ਇਸ ਤੋਂ ਇਲਾਵਾ ਇੱਕ ਹੋਰ ਸੰਜੋਗ ਇਹ ਹੈ ਕਿ 1992 ਦੇ ਲੀਗ ਮੈਚ ਵਿੱਚ ਪਾਕਿਸਤਾਨ ਭਾਰਤ ਤੋਂ ਹਾਰਿਆ ਸੀ ਇਸ ਵਾਰ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।