International

ਪਾਕਿਸਤਾਨੀ ਫੌਜ ਨੇ ਕਿਹਾ- ਟ੍ਰੇਨ ਅਗਵਾ ਦੇ ਸਾਰੇ ਬੰਧਕਾਂ ਨੂੰ ਛੁਡਵਾ ਲਿਆ ਗਿਆ ਹੈ: 28 ਸੈਨਿਕਾਂ ਦੀ ਮੌਤ

ਪਾਕਿਸਤਾਨ ‘ਚ ਹਾਈਜੈਕ ਹੋਈ ਰੇਲ ਮਾਮਲੇ ਚ ਹੁਣ ਤੱਕ ਵੱਖ ਵੱਖ ਜਾਣਕਾਰੀਆਂ ਸਾਹਮਣੇ ਆਈਆਂ ਹਨ।  ਫੌਜ ਆਪਣੇ ਦਾਅਵੇ ਕਰ ਰਹੀ ਹੈ ਅਤੇ ਬਲੋਚ ਆਰਮੀ ਆਪਣੇ।  BLA ਨੇ ਪਾਕਿਸਤਾਨ ਟ੍ਰੇਨ ਹਾਈਜੈਕਿੰਗ ਸਬੰਧੀ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ 100 ਪਾਕਿਸਤਾਨੀ ਸੈਨਿਕ ਉਹਨਾਂ ਨੇ ਖਤਮ ਕਰ ਦਿੱਤੇ ਹਨ, ਇੱਕ ਜਹਾਜ਼ ਵੀ ਸੁੱਟ ਲਿਆ ਹੈ ਅਤੇ 150 ਤੋਂ ਵੱਧ ਸੈਨਿਕ ਅਜੇ ਵੀ ਉਹਨਾਂ ਹਿਰਾਸਤ ਵਿੱਚ ਹਨ।

ਇਸ ਦੇ ਨਾਲ ਹੀ, ਪਾਕਿਸਤਾਨ ਫੌਜ ਦਾ ਦਾਅਵਾ ਹੈ ਕਿ ਕਾਰਵਾਈ ਖਤਮ ਹੋ ਗਈ ਹੈ। ਸਾਰੇ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਸਾਰੇ ਬਲੋਚ ਲੜਾਕੇ ਉਹਨਾਂ ਨੇ ਖਤਮ ਕਰ ਦਿੱਤੇ ਹਨ।

ਵੱਖਵਾਦੀਆਂ ਨੇ ਮੰਗਲਵਾਰ ਨੂੰ ਦੱਖਣ-ਪਛਮੀ ਬਲੋਚਿਸਤਾਨ ਸੂਬੇ ਦੇ ਇਕ ਦੂਰ-ਦੁਰਾਡੇ ਹਿੱਸੇ ਵਿਚ ਇਕ ਸੁਰੰਗ ਵਿਚ ਲਗਭਗ 450 ਲੋਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ’ਤੇ ਹਮਲਾ ਕੀਤਾ ਸੀ। ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਬੁਲਾਰੇ ਜੀਯੰਦ ਬਲੋਚ ਨੇ ਕਿਹਾ ਸੀ ਕਿ ਜੇ ਅਧਿਕਾਰੀ ਜੇਲ੍ਹ ’ਚ ਬੰਦ ਅਤਿਵਾਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਸਮੂਹ ਮੁਸਾਫ਼ਰਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਸਰਕਾਰ ਵਲੋਂ ਇਸ ’ਤੇ ਕੋਈ ਟਿਪਣੀ ਨਹੀਂ ਕੀਤੀ ਗਈ, ਜਿਸ ਨੇ ਪਹਿਲਾਂ ਵੀ ਅਜਿਹੀਆਂ ਮੰਗਾਂ ਨੂੰ ਰੱਦ ਕਰ ਦਿਤਾ ਹੈ। ਇਸ ਦੌਰਾਨ ਚੀਨ ਨੇ ਰੇਲ ਗੱਡੀ ਨੂੰ ਅਗਵਾ ਕੀਤੇ ਜਾਣ ਦੀ ਨਿੰਦਾ ਕੀਤੀ ਅਤੇ ਇਸਲਾਮਾਬਾਦ ਨਾਲ ਅੱਤਿਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ ਜ਼ਾਹਰ ਕੀਤੀ।