India International

25 ਸਾਲ ਬਾਅਦ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਕਾਰਗਿਲ ਜੰਗ ਬਾਰੇ ਕੀਤਾ ਵੱਡਾ ਖ਼ੁਲਾਸਾ! ਆਰਮੀ ਚੀਫ ਨੇ ਕਹੀ ਵੱਡੀ ਗੱਲ

ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਖਿਲਾਫ 1999 ਦੀ ਕਾਰਗਿਲ ਜੰਗ ’ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਦਿਵਸ ਦੇ ਮੌਕੇ ’ਤੇ ਇੱਕ ਸਮਾਗਮ ਵਿੱਚ ਬੋਲਦਿਆਂ, ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਭਾਰਤ ਨਾਲ ਜੰਗਾਂ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਸ ਵਿੱਚ ਕਾਰਗਿਲ ਜੰਗ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕ ਵੀ ਸ਼ਾਮਲ ਹਨ। ਹਾਲਾਂਕਿ, ਅੱਜ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਕਾਰਗਿਲ ਯੁੱਧ ਵਿੱਚ ਆਪਣੀ ਸਿੱਧੀ ਸ਼ਮੂਲੀਅਤ ਨੂੰ ਸਵੀਕਾਰ ਕਰਨ ਤੋਂ ਬਚਾਅ ਕੀਤਾ ਹੈ। ਸੇਵਾਮੁਕਤੀ ਤੋਂ ਬਾਅਦ ਤਤਕਾਲੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਕਾਰਗਿਲ ਜੰਗ ਨੂੰ ਲੈ ਕੇ ਆਪਣੀਆਂ ਗਲਤੀਆਂ ਮੰਨ ਲਈਆਂ ਸਨ।

ਪਾਕਿਸਤਾਨੀ ਫੌਜ ਮੁਖੀ ਨੇ ਕੀ ਕਿਹਾ?

ਜਨਰਲ ਮੁਨੀਰ ਨੇ ਕਿਹਾ, “ਪਾਕਿਸਤਾਨੀ ਭਾਈਚਾਰਾ ਉਨ੍ਹਾਂ ਬਹਾਦਰਾਂ ਦਾ ਭਾਈਚਾਰਾ ਹੈ ਜੋ ਆਜ਼ਾਦੀ ਦੇ ਮਹੱਤਵ ਅਤੇ ਇਸ ਦੀ ਕੀਮਤ ਚੁਕਾਉਣ ਦੇ ਤਰੀਕੇ ਨੂੰ ਸਮਝਦਾ ਹੈ। ਚਾਹੇ ਉਹ 1948, 1965, 1971 ਜਾਂ 1999 ਦੀ ਕਾਰਗਿਲ ਜੰਗ ਹੋਵੇ, ਹਜ਼ਾਰਾਂ ਸੈਨਿਕਾਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।”

ਪਿਛਲੇ 25 ਸਾਲਾਂ ’ਚ ਪਾਕਿਸਤਾਨੀ ਫੌਜ ਦਾ ਇਹ ਪਹਿਲਾ ਇਕਬਾਲੀਆ ਬਿਆਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਕਿਸੇ ਵੀ ਜਨਰਲ ਨੇ ਅਹੁਦੇ ’ਤੇ ਰਹਿੰਦਿਆਂ ਕਾਰਗਿਲ ਯੁੱਧ ਬਾਰੇ ਅਜਿਹਾ ਸਪੱਸ਼ਟ ਬਿਆਨ ਨਹੀਂ ਦਿੱਤਾ ਸੀ।

ਪਾਕਿਸਤਾਨ ਦੀ ਅਧਿਕਾਰਿਤ ਸਥਿਤੀ ਕੀ ਸੀ?

ਇਹ ਬਿਆਨ ਪਾਕਿਸਤਾਨ ਦੇ ਲੰਬੇ ਸਮੇਂ ਤੋਂ ਜਾਰੀ ਸਰਕਾਰੀ ਬਿਆਨ ਤੋਂ ਵੱਖਰਾ ਹੈ। ਪਾਕਿਸਤਾਨ ਸ਼ੁਰੂ ਤੋਂ ਹੀ ਦਾਅਵਾ ਕਰਦਾ ਆ ਰਿਹਾ ਹੈ ਕਿ ਕਾਰਗਿਲ ਯੁੱਧ ਵਿਚ ਕਸ਼ਮੀਰੀ ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਨੂੰ ਉਹ ਮੁਜਾਹਿਦੀਨ ਕਹਿੰਦਾ ਹੈ। ਇਸ ਕਾਰਨ ਉਸ ਨੇ ਕਾਰਗਿਲ ਜੰਗ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਭਰਨ ਨੇ ਪੂਰੇ ਫੌਜੀ ਸਨਮਾਨਾਂ ਨਾਲ ਪਾਕਿਸਤਾਨੀ ਫੌਜੀਆਂ ਦਾ ਅੰਤਿਮ ਸੰਸਕਾਰ ਕੀਤਾ ਸੀ।

ਪਾਕਿਸਤਾਨ ਨੇ ਕਾਰਗਿਲ ’ਚ ਕੀਤੀ ਸੀ ਘੁਸਪੈਠ

1999 ਦੀਆਂ ਗਰਮੀਆਂ ’ਚ ਪਾਕਿਸਤਾਨੀ ਫੌਜ ਨੇ ਧੋਖੇ ਨਾਲ ਭਾਰਤੀ ਚੌਕੀਆਂ ’ਤੇ ਕਬਜ਼ਾ ਕਰ ਲਿਆ ਸੀ। ਉਸ ਸਮੇਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਉਚਾਈਆਂ ’ਤੇ ਸਥਿਤ ਆਪਣੀਆਂ ਚੌਕੀਆਂ ਛੱਡ ਕੇ ਠੰਢ ਦੇ ਮੌਸਮ ’ਚ ਹੇਠਾਂ ਉੱਤਰ ਜਾਂਦੀਆਂ ਸਨ। ਪਰ, ਬਾਅਦ ਵਿੱਚ ਭਾਰਤ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਸੈਨਿਕ ਕਾਰਗਿਲ ਦੀਆਂ ਉੱਚੀਆਂ ਚੋਟੀਆਂ ’ਤੇ ਬੈਠੇ ਸਨ।

ਇਸ ਤੋਂ ਬਾਅਦ ਭਾਰਤ ਨੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪਾਕਿਸਤਾਨੀ ਫੌਜ ਨੂੰ ਹਰਾਇਆ। ਭਾਰਤੀ ਫੌਜ ਦੀ ਕਾਰਵਾਈ ਦੇ ਨਤੀਜੇ ਵਜੋਂ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਮਿਲੀ, ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਾਰਗਿਲ ਸੈਕਟਰ ਤੋਂ ਫੌਜੀ ਦਸਤਿਆਂ ਨੂੰ ਵਾਪਸ ਬੁਲਾਉਣ ਦਾ ਹੁਕਮ ਦੇਣ ਲਈ ਮਜਬੂਰ ਕੀਤਾ।