ਬਿਊਰੋ ਰਿਪੋਰਟ: ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ, ਪਾਕਿਸਤਾਨ ਨੇ ਚੀਨ ਦੀ ਤਰਜ਼ ’ਤੇ ਰਾਕੇਟ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 79ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ (13 ਅਗਸਤ ਦੀ ਰਾਤ ਨੂੰ) ਆਰਮੀ ਰਾਕੇਟ ਫੋਰਸ ਬਣਾਉਣ ਦਾ ਐਲਾਨ ਕੀਤਾ।
ਸ਼ਰੀਫ ਦੇ ਅਨੁਸਾਰ, ਨਵੀਂ ਫੋਰਸ ਦਾ ਉਦੇਸ਼ ਆਧੁਨਿਕ ਯੁੱਧ ਦੀਆਂ ਜ਼ਰੂਰਤਾਂ ਦੇ ਅਨੁਸਾਰ ਦੇਸ਼ ਦੀ ਰੱਖਿਆ ਸਮਰੱਥਾ ਨੂੰ ਵਧਾਉਣਾ ਹੈ। ਇਸ ਵਿੱਚ, ਮਿਜ਼ਾਈਲ ਅਤੇ ਰਾਕੇਟ ਤਕਨਾਲੋਜੀ ਨੂੰ ਇਕੱਠੇ ਜੋੜਿਆ ਜਾਵੇਗਾ ਤਾਂ ਜੋ ਦੁਸ਼ਮਣ ਦੇ ਖ਼ਤਰੇ ਦਾ ਤੁਰੰਤ ਜਵਾਬ ਦਿੱਤਾ ਜਾ ਸਕੇ।
ਭਾਰਤ ਨੂੰ ਸਬਕ ਸਿਖਾਉਣ ਦਾ ਕੀਤਾ ਦਾਅਵਾ
ਸ਼ਹਿਬਾਜ਼ ਸ਼ਰੀਫ ਨੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਨੂੰ ਸਖ਼ਤ ਸਬਕ ਸਿਖਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ। ਉਨ੍ਹਾਂ ਜੰਗਬੰਦੀ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ।
ਸ਼ਰੀਫ ਨੇ ਦਾਅਵਾ ਕੀਤਾ ਕਿ ਚਾਰ ਦਿਨਾਂ ਦੇ ਫੌਜੀ ਟਕਰਾਅ ਵਿੱਚ ਪਾਕਿਸਤਾਨ ਨੇ ਭਾਰਤ ਦਾ ਮਾਣ ਤੋੜਿਆ। ਉਨ੍ਹਾਂ ਕਿਹਾ ਕਿ ਸਾਡੀ ਬਹਾਦਰ ਫੌਜ ਨੇ ਦੁਸ਼ਮਣ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।