India

ਮਹਾਰਾਸ਼ਟਰ ਦੇ ਠਾਣੇ ‘ਚ ਡਿੱਗੀ ਕਰੇਨ , ਲੋਕਾਂ ‘ਚ ਮਚੀ ਹਫੜਾ-ਦਫੜੀ…

ਮਹਾਰਾਸ਼ਟਰ : ਮੁੰਬਈ: ਮਹਾਰਾਸ਼ਟਰ ਦੇ ਠਾਣੇ ਦੇ ਸ਼ਾਹਪੁਰ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ। ਠਾਣੇ ਦੇ ਸ਼ਾਹਪੁਰ ਸਰਲਾਂਬੇ ਇਲਾਕੇ ‘ਚ ਸਮ੍ਰਿੱਧੀ ਮਹਾ ਮਾਰਗ ਦੇ ਨਿਰਮਾਣ ਕਾਰਜ ਦੌਰਾਨ ਪੁਲ ਤੋਂ ਇਕ ਕਰੇਨ ਯਾਨੀ ਕਰੇਨ ਮਸ਼ੀਨ ਹੇਠਾਂ ਡਿੱਗ ਗਈ, ਇਸ ਘਟਨਾ ਨਾਲ ਕਰੀਬ 17 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਕਰੇਨ ਕਰੀਬ 200 ਫੁੱਟ ਤੋਂ ਹੇਠਾਂ ਡਿੱਗ ਗਈ, ਜਿਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ। ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ ਪਰ ਮੀਡੀਆ ਰਿਪੋਰਟ ਮੁਤਾਬਕ ਇਹ ਓਵਰ ਲੋਡਿੰਗ ਕਾਰਨ ਵਾਪਰਿਆ ਹੈ।

NDRF ਦੀਆਂ ਦੋ ਟੀਮਾਂ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਪੁਲਿਸ ਅਨੁਸਾਰ ਇਸ ਖੇਤਰ ਵਿੱਚ ਸਮ੍ਰਿੱਧੀ ਹਾਈਵੇਅ ਦੇ ਫ਼ੇਜ਼-3 ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪੁਲ ਬਣਾਉਣ ਵਾਲੀ ਕਰੇਨ ਪੁਲ ਦੇ ਖੰਭਿਆਂ ‘ਤੇ ਮੌਜੂਦ ਸੀ। ਇਸ ਕਰੇਨ ਦੀ ਮਦਦ ਨਾਲ ਪੁਲ ਦੇ ਗਰਡਰ ਨੂੰ ਉੱਚਾ ਕਰਕੇ ਜੋੜਿਆ ਜਾ ਰਿਹਾ ਸੀ। ਕਰੇਨ ਕਰੀਬ 200 ਫੁੱਟ ਦੀ ਉਚਾਈ ‘ਤੇ ਸੀ। ਇਸੇ ਕਾਰਨ ਮੰਗਲਵਾਰ ਤੜਕੇ ਸ਼ਾਹਪੁਰ ਇਲਾਕੇ ਵਿੱਚ ਇਹ ਮਸ਼ੀਨ ਅਚਾਨਕ ਹੇਠਾਂ ਡਿੱਗ ਗਈ। ਪੁਲ ਦੇ ਹੇਠਾਂ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ, ਜੋ ਇਸ ਵਿੱਚ ਫਸ ਗਏ। ਮਸ਼ੀਨ ਦੇ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫ਼ਿਲਹਾਲ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਕੱਢਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਦਰਜਨ ਤੋਂ ਵੱਧ ਲੋਕ ਇਸ ਦੇ ਹੇਠਾਂ ਫਸੇ ਹੋਏ ਹਨ।

ਸ਼ਾਹਪੁਰ ਪੁਲਿਸ ਮੁਤਾਬਕ ਇਸ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਸ਼ਾਹਪੁਰ ਇਲਾਕੇ ‘ਚ ਸਮ੍ਰਿੱਧੀ ਮਹਾ ਮਾਰਗ ਦੇ ਨਿਰਮਾਣ ਕਾਰਜ ਦੌਰਾਨ ਗਿਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗ ਗਈ। ਮਸ਼ੀਨ ਫ਼ੇਜ਼-3 ਦੇ ਕੰਮ ਦੌਰਾਨ ਵਰਤੀ ਜਾ ਰਹੀ ਸੀ। ਪੁਲੀਸ ਨੇ ਇਸ ਸਬੰਧੀ ਅਣਗਹਿਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਵਿੱਚ ਓਵਰਲੋਡ ਕਾਰਨ ਮਸ਼ੀਨ ਦੇ ਹੇਠਾਂ ਡਿੱਗਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਹਾਈਵੇਅ ਬਣਾਉਣ ਦਾ ਠੇਕਾ ਕਿਸ ਕੰਪਨੀ ਨੂੰ ਦਿੱਤਾ ਗਿਆ ਸੀ ਅਤੇ ਇਸ ਦਾ ਮਾਲਕ ਕੌਣ ਹੈ।

ਦੱਸ ਦੇਈਏ ਕਿ ਮੁੰਬਈ-ਨਾਗਪੁਰ ਸਮ੍ਰਿਧੀ ਹਾਈਵੇਅ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਦਸੰਬਰ, 2022 ਨੂੰ ਕੀਤਾ ਸੀ। ਇਹ ਹਾਈਵੇ ਨਾਗਪੁਰ ਤੋਂ ਮੁੰਬਈ ਤੱਕ ਬਣਾਇਆ ਜਾ ਰਿਹਾ ਹੈ। ਪਹਿਲੇ ਪੜਾਅ ਤਹਿਤ ਨਾਗਪੁਰ ਤੋਂ ਸ਼ਿਰਡੀ ਤੱਕ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਹੋਰ ਫੇਜ਼ਾਂ ਦਾ ਕੰਮ ਅਜੇ ਚੱਲ ਰਿਹਾ ਹੈ, ਜਿਸ ਤਹਿਤ ਇਸ ਨੂੰ ਸ਼ਿਰਡੀ ਤੋਂ ਮੁੰਬਈ ਨਾਲ ਜੋੜਿਆ ਜਾਣਾ ਹੈ।