ਪੰਜਾਬ ਵਿੱਚ ਅੱਜ 1 ਜੂਨ ਐਤਵਾਰ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਇਸ ਬਾਰੇ ਸੂਬਾ ਸਰਕਾਰ ਤੇ ਬਿਜਲੀ ਵਿਭਾਗ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ। ਇਸ ਵਾਰ ਪੰਜਾਬ ਵਿੱਚ ਝੋਨੇ ਦੀ ਲੁਆਈ ਪਿਛਲੇ ਵਰ੍ਹੇ ਨਾਲੋਂ 10 ਦਿਨ ਪਹਿਲਾਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਨੇ ਵੀ ਲੋੜੀਂਦੇ ਪ੍ਰਬੰਧ ਕਰ ਲਏ ਹਨ।
ਹਾਲਾਂਕਿ ਸੂਬੇ ’ਚ ਝੋਨੇ ਦੀ ਸਿੱਧੀ ਬਿਜਾਈ ਦਾ ਅਮਲ 15 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ, ਜੋ 31 ਜੁਲਾਈ ਤੱਕ ਚੱਲੇਗਾ। ਪੰਜਾਬ ’ਚ ਪਿਛਲੇ ਵਰ੍ਹੇ ਝੋਨੇ ਦੀ ਲੁਆਈ 11 ਜੂਨ ਤੋਂ ਸ਼ੁਰੂ ਹੋਈ ਸੀ। ਸੂਬਾ ਸਰਕਾਰ ਨੇ ਝੋਨੇ ਦੀ ਲੁਆਈ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਹੈ ਤੇ ਇਸ ਦੀ ਸ਼ੁਰੂਆਤ ਸਰਹੱਦੀ ਤੇ ਨਹਿਰੀ ਸਿੰਜਾਈ ਵਾਲੇ ਖੇਤਰਾਂ ਤੋਂ ਕੀਤੀ ਗਈ ਹੈ।
ਇਸ ਲਈ ਅੱਜ 1 ਜੂਨ ਨੂੰ ਸਭ ਤੋਂ ਪਹਿਲਾਂ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ’ਚ ਝੋਨੇ ਦੀ ਲੁਆਈ ਸ਼ੁਰੂ ਹੋਈ ਹੈ। ਇਸ ਮਗਰੋਂ 5 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਅੰਮ੍ਰਿਤਸਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ ਜਦਕਿ ਆਖਰ ਵਿੱਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ 9 ਜੂਨ ਤੋਂ ਲੁਆਈ ਆਰੰਭ ਹੋਵੇਗੀ।