Khalas Tv Special Punjab

ਚੰਨੀ ਸਾਬ੍ਹ ! ਕੌਲੀ ‘ਚ ਚਾਹ ਪਿਆਉਣ ਵਾਲੇ ਕਿਸਾਨ ਬਾਟੀ ਵਾਂਗ ਮਾਂਜਣਾ ਵੀ ਜਾਣਦੇ ਨੇ

– ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਪੈਮਾਨਾ ਵਾਅਦੇ ਅਤੇ ਡਿਲੀਵਰੀ ਮੰਨਿਆ ਜਂਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮੇਂ ਸਿਰ ਵਾਅਦੇ ਨਾ ਪੁਗਾਉਣ ਕਰਕੇ ਕੁਰਸੀ ਛੱਡਣੀ ਪਈ। ਉਨ੍ਹਾਂ ਦੇ ਉੱਤਰਾਅਧਿਕਾਰੀ ਚਰਨਜੀਤ ਸਿੰਘ ਚੰਨੀ ਕੋਲ ਸਮਾਂ ਹੀ ਮੁੱਠੀ ਭਰ ਬਚਿਆ ਹੈ ਕਿ ਕੁਰਸੀ ਬਚਾਉਣ ਲਈ ਵਾਅਦੇ ‘ਤੇ ਅਮਲ ਨਾਲੋਂ-ਨਾਲ ਤੋਰਨੇ ਪੈਣਗੇ। ਚੰਨੀ ਦਾ ਪੰਜ ਦਿਨ ਪਹਿਲਾਂ ਜਹਾਜ਼ ਮਾਲਵਾ ਨਰਮ ਪੱਟੀ ਦੇ ਖੇਤਾਂ ਵਿੱਚ ਜਾ ਉੱਤਰਿਆ। ਕਿਸਾਨ ਹੈਲੀਕਾਪਟ ਦੀ ਧੂੜ ਵੇਖ ਬਾਗੋ-ਬਾਗ ਹੋ ਗਏ। ਚੰਨੀ ਨੇ ਜਿਵੇਂ ਜਾ ਕੇ ਨਰਮੇ ਦੇ ਡੋਡੇ ਫਰੋਲੇ, ਕਿਸਾਨਾਂ ਨੂੰ ਲੱਗਦਾ ਸੀ ਕਿ ਕੋਈ ਅਸਮਾਨ ਤੋਂ ਫਰਿਸ਼ਤਾ ਉੱਤਰਿਆ। ਉਸਨੇ ਨਰਮੇ ਨੂੰ ਪਈ ਗੁਲਾਬੀ ਸੁੰਡੀ ਨੂੰ ਲੈ ਕੇ ਮੌਕੇ ‘ਤੇ ਕਈ ਐਲਾਨ ਕੀਤੇ, ਜਿਨ੍ਹਾਂ ਨੂੰ ਹਾਲੇ ਤੱਕ ਤਾਂ ਬੂਰ ਨਹੀਂ ਪਿਆ। ਉਹਨਾਂ ਨੇ ਆਮ ਪਰਿਵਾਰ ਨਾਲ ਬੈਠ ਕੇ ਖਾਣਾ ਖਾਧਾ ਅਤੇ ਕੌਲੀ ਵਿੱਚ ਪਾ ਕੇ ਚਾਹ ਵੀ ਪੀਤੀ। ਸ਼ਾਇਦ ਉਹ ਪ੍ਰਭਾਵ ਤਾਂ ਆਮ ਆਦਮੀ ਹੋਣ ਦਾ ਦਿੱਤਾ ਸ਼ਾਇਦ ਉਨ੍ਹਾਂ ਦੇ ਮਨ ਵਿੱਚੋਂ ਇਹ ਵਿਸਰ ਗਿਆ ਹੋਣਾ ਕਿ ਕੌਲੀਆਂ ਵਿੱਚ ਚਾਹ ਪਿਆਉਣ ਵਾਲੇ ਵਾਅਦੇ ਦੇ ਕੱਚੇ ਨਿਕਲਣ ਵਾਲਿਆਂ ਦੀ ਬਾਟੀ ਮਾਂਜ ਕੇ ਵੀ ਰੱਖ ਦਿੰਦੇ ਹਨ।

ਚੰਨੀ ਵੱਲੋਂ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦਾ ਐਲਾਨ : Punjabi  Tribune

ਮਾਲਵੇ ਵਿੱਚ ਇਸ ਵਾਰ ਨਰਮੇ ਦੇ ਰਿਕਾਰਡ ਉਤਪਾਦਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਪਰ ਤੁੜਾਈ ‘ਤੇ ਆ ਕੇ ਪਈ ਗੁਲਾਬੀ ਸੁੰਡੀ ਕਿਸਾਨਾਂ ਦੇ ਮੱਥੇ ‘ਤੇ ਫ਼ਿਕਰਾਂ ਦੀਆਂ ਲਕੀਰਾਂ ਗੂੜ੍ਹੀਆਂ ਕਰ ਦਿੱਤੀਆਂ। ਖੇਤੀ ਵਿਭਾਗ ਵੱਲੋਂ ਪ੍ਰਤੀ ਏਕੜ 60 ਹਜ਼ਾਰ ਰੁਪਏ ਦਾ ਨਰਮਾ ਨਿਕਲਣ ਦੇ ਅੰਦਾਜ਼ੇ ਨੂੰ ਇੱਕ ਤਰ੍ਹਾਂ ਦੇ ਨਾਲ ਗ੍ਰਹਿਣ ਲੱਗ ਗਿਆ ਜਦੋਂ ਇਹ ਪਤਾ ਲੱਗਾ ਕਿ ਬਠਿੰਡਾ ਦੀ 96 ਹਜ਼ਾਰ ਹੈਕਟੇਅਰ ਏਕੜ ਪੈਲੀ ਵਿੱਚ 80 ਹਜ਼ਾਰ ਨੂੰ ਗੁਲਾਬੀ ਸੁੰਡੀ ਪੈ ਗਈ ਹੈ। ਮਾਨਸਾ ਜ਼ਿਲ੍ਹੇ ਦੀ 60 ਹਜ਼ਾਰ ਪੈਲੀ ਵਿੱਚੋਂ ਸਿਰਫ਼ 15 ਹਜ਼ਾਰ ਵਿੱਚ ਤੰਦਰੁਸਤ ਫ਼ਸਲ ਖੜ੍ਹੀ ਦਿਸ ਰਹੀ ਹੈ। ਫਾਜ਼ਿਲਕਾ, ਅਬੋਹਰ ਅਤੇ ਸੰਗਰੂਰ ਵੀ ਗੁਲਾਬੀ ਸੁੰਡੀ ਦੀ ਮਾਰ ਹੇਠਾਂ ਹਨ। ਇਸ ਵਾਰ 3.15 ਲੱਖ ਹੈਕਟੇਅਰ ਏਕੜ ਨਰਮਾ ਬੀਜਿਆ ਗਿਆ ਸੀ, ਜਿਹੜਾ ਕਿ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ।

NewsNumber - A New Era of Social Journalism | ਨਰਮਾ ਪੱਟੀ ਦੇ ਕਿਸਾਨਾਂ ਲਈ  ਨਰਮੇ-ਕਪਾਹ ਸਬੰਧੀ ਹਦਾਇਤਾਂ ਜਾਰੀ

ਮੁੱਖ ਮੰਤਰੀ ਚੰਨੀ ਮੌਕੇ ‘ਤੇ ਗਿਰਦਾਵਰੀ ਦੀ ਰਿਕਾਰਡ ਟੇਪ ਤਾਂ ਚਲਾ ਆਏ ਪਰ ਨਾਲ ਹੀ ਫ਼ਸਲ ‘ਤੇ ਸੁੰਡੀ ਨੂੰ ਮਾਰਨ ਵਾਲੀ ਦਵਾਈ ਮੁਫ਼ਤ ਛਿੜਕਾਉਣ ਦਾ ਵਾਅਦਾ ਵੀ ਕਰ ਦਿੱਤਾ। ਪੰਜ ਦਿਨਾਂ ਵਿੱਚ ਸੁੰਡੀ ਨੇ ਅੱਧਾ ਡੋਡਾ ਖ਼ਤਮ ਕਰ ਦਿੱਤਾ ਹੈ ਪਰ ਮੁੱਖ ਮੰਤਰੀ ਮਾਰਕਫ਼ੈੱਡ ਨੂੰ ਦਵਾਈ ਦਾ ਬੰਦੋਬਸਤ ਕਰਨ ਲਈ ਕਹਿ ਕੇ ਆਪ ਸਿਆਸੀ ਤਾਣੇ-ਬਾਣੇ ਵਿੱਚ ਉਲਝ ਗਏ। ਮਾਰਕਫੈੱਡ ਨੇ ਦਵਾਈ ਲਈ ਹਾਲੇ ਟੈਂਡਰ ਮੰਗੇ ਹਨ। ਡੇਢ ਲੱਖ ਲੀਟਰ ਦਵਾਈ ਲਈ ਟੈਂਡਰ ਕਦੋਂ ਖੁੱਲ੍ਹਣਗੇ। ਸਾਢੇ ਪੰਜ ਕਰੋੜ ਦੀ ਦਵਾਈ ਕਦੋਂ ਆਵੇਗੀ, ਇਹ ਨਾ ਮੁੱਖ ਮੰਤਰੀ ਨੂੰ ਪਤਾ ਅਤੇ ਨਾ ਹੀ ਸਰਕਾਰੀ ਲਾਣੇ ਨੂੰ।

UP minister says Randhawa met Mukhtar Anasri kin in Lucknow, he denies |  Cities News,The Indian Express

ਦੂਜੇ ਪਾਸੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਲਾਬੀ ਸੁੰਡੀ ਦੇ ਸਬੰਧੀ ਬੀਜਾਂ ਦੇ ਮਿਆਰ ਬਾਰੇ ਤੁਰੰਤ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਕੇ ਕਿਸਾਨਾਂ ਦੀ ਦੁੱਖਦੀ ਰਗ ਉੱਤੇ ਹੱਥ ਰੱਖ ਦਿੱਤਾ ਹੈ ਅਤੇ ਲੋਕਾਂ ਲਈ ਹਾਸਾ ਵੀ ਬਣੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇਗਾ ਪਰ ਕਿਸਾਨ ਦਾ ਸਵਾਲ ਹੈ ਕਿ ਜਦੋਂ ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ ਜਾਂ ਫਿਰ ਅੱਧ-ਪਚੱਧੀ ਫ਼ਸਲ ਮੰਡੀ ਵਿੱਚ ਸੁੱਟ ਆਂਦੀ ਤਾਂ ਪਿਰ ਸਪਰੇਅ ਕਪਾਹ ਦੀਆਂ ਛਿਟੀਆਂ ‘ਤੇ ਛਿੜਕਣ ਦਾ ਕੀ ਫਾਇਦਾ ਹੋਊ। ਕਿਸਾਨ ਜਿਸਨੂੰ ਬੰਪਰ ਫ਼ਸਲ ਦੀ ਆਸ ਸੀ, ਸਦਮੇ ਵਿੱਚ ਹੈ। ਉਸਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਆਪਣੇ ਸਿਰ ਚੜਿਆ ਕਰਜ਼ਾ ਕਿਵੇਂ ਲਾਹੇਗਾ।

PUNJAB NEWS ONLINE: ਮੁੱਖ ਮੰਤਰੀ ਨੇ ਮ੍ਰਿਤਕ ਖੇਤ ਮਜ਼ਦੂਰ ਦੇ ਘਰ ਦਾ ਦੌਰਾ ਕਰ, ਵੱਡੇ  ਭਰਾ ਨੂੰ ਸੌਂਪਿਆ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ

ਅੰਕੜੇ ਦੱਸਦੇ ਹਨ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਵੱਡੀ ਮਾਰ ਹੇਠ ਹੈ। ਇੱਕ ਰਿਪੋਰਟ ਮੁਤਾਬਕ ਬੇਜ਼ਮੀਨੇ ਕਿਸਾਨ ਸਿਰ 95500 ਔਸਤਨ ਦਾ ਕਰਜ਼ਾ ਹੈ। ਦਰਮਿਆਨਾ ਕਿਸਾਨ ਸਿਰ ‘ਤੇ 3 ਲੱਖ 26 ਹਜ਼ਾਰ 800 ਦਾ ਬੋਝ ਢੋਅ ਰਿਹਾ ਹੈ। ਹਰੇਕ ਚੰਗੇ ਕਿਸਾਨ ਸਿਰ 7 ਲੱਖ 91 ਹਜ਼ਾਰ 100 ਰੁਪਏ ਦੀ ਪੰਡ ਹੈ। ਸਿਤਮ ਦੀ ਗੱਲ ਇਹ ਹੈ ਕਿ ਕੁੱਲ ਕਰਜ਼ੇ ਦਾ 31 ਫ਼ੀਸਦੀ ਆੜ੍ਹਤੀਆਂ, ਸ਼ਾਹੂਕਾਰਾਂ ਜਾਂ ਫਿਰ ਰਿਸ਼ਤੇਦਾਰਾਂ ਤੋਂ ਚੁੱਕਿਆ ਹੋਇਆ ਹੈ। ਲੋੜ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰੈਕਟੀਕਲ ਫੈਸਲੇ ਲੈਣ ਦੀ ਹੈ। ਲਾਰਿਆਂ ਦੀ ਸਿਆਸਤ ਦੇ ਦਿਨ ਪੁਗ ਗਏ ਹਨ। ਭਰੋਸਿਆਂ ਦੀ ਰਾਜਨੀਤੀ ਨਾਲ ਗੱਡੀ ਰੁੜਣ ਵਾਲੀ ਨਹੀਂ। ਨਹੀਂ ਤਾਂ ਮੁੜ ਉਹੋ ਗੱਲ ਦੁਹਰਾਉਣੀ ਪਵੇਗੀ ਕਿ ਘਰ ਕੌਲੀਆਂ ਵਿੱਚ ਚਾਹ ਪਿਆਉਣ ਵਾਲਾ ਕਿਸਾਨ ਬਾਟੀ ਵਾਂਗ ਮਾਂਜਣ ਦੇ ਗੁਰ ਵੀ ਸਿੱਖ ਗਿਆ ਹੈ।